ਚੰਡੀਗੜ੍ਹ : ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਦਿੱਲੀ ਵਿਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ’ਤੇ ਹਰਿਆਣਾ ਸਰਕਾਰ ਨੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਜਰੀਵਾਲ ਦੇ ਖਿਲਾਫ ਸੋਨੀਪਤ ਦੀ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਹੈ।ਗੋਇਲ ਨੇ ਕਿਹਾ ਕਿ ਹਰਿਆਣਾ ’ਤੇ ਇਸ ਤਰ੍ਹਾਂ ਦਾ ਦੋਸ਼ ਲਗਾ ਕੇ ਕੇਜਰੀਵਾਲ ਨੇ ਘਟੀਆ ਰਾਜਨੀਤੀ ਕੀਤੀ ਹੈ। ਮੰਤਰੀ ਨੇ ਕਿਹਾ ਕਿ ਜੋ ਪਾਣੀ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਉਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਵੀ ਪੀਂਦੇ ਹਨ। ਕੇਜਰੀਵਾਲ ਨੇ ਇਹ ਬਿਆਨ ਦੇ ਕੇ ਦਿੱਲੀ ਹੀ ਨਹੀਂ ਹਰਿਆਣਾ ਦੀ ਜਨਤਾ ਵਿਚ ਵੀ ਡਰ ਫੈਲਾਉਣ ਦਾ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਯਮੁਨਾ ਨੂੰ ਸਾਫ ਬਨਾਉਣ ਵਿਚ ਪੂਰੀ ਤਰ੍ਹਾ ਅਸਫਲ ਰਹੀ ਹੈ। ਚੋਣ ਵਿਚ ਆਪਣੀ ਸਾਖ ਬਚਾਉਣ ਲਈ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਜਨਤਾ ’ਤੇ ਸ਼ਰਮਨਾਕ ਅਤੇ ਬੇਬੁਨਿਆਦ ਦੋਸ਼ ਲਗਾਏ ਹਨ।ਕੇਜਰੀਵਾਲ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਜਹਿਰੀਲੇ ਪਾਣੀ ਨੂੰ ਦਿੱਲੀ ਵਿਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ, ਪਰ ਉਨ੍ਹਾਂ ਦੇ ਕੋਲ ਇਸ ਦਾਵੇ ਦਾ ਕੋਈ ਸਬੂਤ ਨਹੀਂ ਹੈ।