ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਖੇ ਐੱਨਵੀਐੱਸ-02 ਨੂੰ ਲੈ ਕੇ ਜਾਣ ਵਾਲਾ ਆਪਣਾ ਜੀਐੱਸਐੱਲਵੀ-ਐੱਫ15 ਪੁਲਾੜ ਵਾਹਨ ਸਫਲਤਾਪੂਰਵਕ ਲਾਂਚ ਕੀਤਾ। ਇਹ ਦੇਸ਼ ਦੀ ਪੁਲਾੜ ਬੰਦਰਗਾਹ ਤੋਂ ਇਸਰੋ ਦੀ 100ਵੀਂ ਲਾਂਚ ਹੈ। ਇਸ ਰਾਹੀਂ ਲਾਂਚ ਕੀਤਾ ਗਿਆ ਨੇਵੀਗੇਸ਼ਨ ਸੈਟੇਲਾਈਟ ਧਰਤੀ, ਹਵਾਈ ਅਤੇ ਸਮੁੰਦਰੀ ਨੇਵੀਗੇਸ਼ਨ ਅਤੇ ਖੇਤੀਬਾੜੀ ਸੰਬੰਧੀ ਸ਼ੁੱਧਤਾ ਵਿੱਚ ਮਦਦ ਕਰੇਗਾ। ਇਸ ਦੇ ਨਾਲ ਹੀ ਜੀਐੱਸਐੱਲਵੀ-ਐੱਫ15 ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (ਜੀਐੱਸਐੱਲਵੀ) ਦੀ 17ਵੀਂ ਉਡਾਣ ਹੈ ਅਤੇ ਦੇਸ਼ ਵਿਚ ਹੀ ਤਿਆਰ ਕ੍ਰਾਇਓ ਪੜਾਅ ਵਾਲੀ 11ਵੀਂ ਉਡਾਣ ਹੈ। 16 ਜਨਵਰੀ ਨੂੰ ਇਸਰੋ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਵਾਲੇ ਵੀ ਨਾਰਾਇਣਨ ਮਿਸ਼ਨ ਕੰਟਰੋਲ ਸੈਂਟਰ ਤੋਂ ਕਿਹਾਮੈਨੂੰ ਇਸਰੋ ਦੇ ਸਪੇਸਪੋਰਟ ਤੋਂ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ 2025 ਦਾ ਪਹਿਲਾ ਲਾਂਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਵਾਹਨ ਨੇ ਨੇਵੀਗੇਸ਼ਨ ਸੈਟੇਲਾਈਟ ਐੱਨਵੀਐੱਸ-02 ਨੂੰ ਲੋੜੀਂਦੇ ਗ੍ਰਹਿ ਪੰਧ ’ਤੇ ਸਹੀ ਢੰਗ ਨਾਲ ਇੰਜੈਕਟ ਕੀਤਾ ਹੈ।