ਲੁਧਿਆਣਾ : ਲੁਧਿਆਣਾ ਮਾਡਲ ਟਾਊਨ ਤੋਂ ਲਾਪਤਾ 8 ਸਾਲ ਦੇ ਬੱਚੇ ਦੀ ਲਾਸ਼ ਸਾਹਨੇਵਾਲ ਨਹਿਰ ’ਚੋਂ ਐਤਵਾਰ ਸਵੇਰੇ ਮਿਲੀ। 8 ਸਾਲਾ ਸਹਿਜਪ੍ਰੀਤ ਬੀਤੇ ਦਿਨ ਤੋਂ ਲਾਪਤਾ ਸੀ। ਬੱਚੇ ਨੂੰ ਉਸ ਦੇ ਹੀ ਰਿਸ਼ਤੇਦਾਰ ਵੱਲੋਂ ਨਹਿਰ ਵਿੱਚ ਸੁੱਟਣ ਦਾ ਖੁਲਾਸਾ ਹੋਇਆ ਹੈ। ਪੀੜਤ ਪਰਵਾਰ ਬੱਚੇ ਦੀ ਭਾਲ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਵੱਲੋਂ ਲਗਾਤਾਰ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ। ਆਖਰ ਨਹਿਰ ਵਿਚੋਂ ਬੱਚੇ ਦੀ ਲਾਸ਼ ਮਿਲੀ। ਜਾਣਕਾਰੀ ਮਿਲੀ ਹੈ ਕਿ ਬੱਚੇ ਦੇ ਤਾਏ ਨੇ ਹੀ ਨਹਿਰ ਵਿਚ ਧੱਕਾ ਦਿੱਤਾ ਸੀ। ਪੁਲਸ ਵੱਲੋਂ ਕੀਤੀ ਪੁੱਛਗਿੱਛ ਵਿਚ ਤਾਏ ਨੇ ਇਹ ਗੱਲ ਕਬੂਲੀ ਹੈ। ਸਹਿਜਪ੍ਰੀਤ ਦੇ ਕਤਲ ਦੀ ਵਜ੍ਹਾ ਪਰਵਾਰ ਦੀ ਆਪਸੀ ਲੜਾਈ ਦੱਸੀ ਗਈ ਹੈ। ਮੁਲਜ਼ਮ ਤਾਏ ਖਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸਹਿਜਪ੍ਰੀਤ 2 ਦਿਨ ਪਹਿਲਾਂ ਤਾਏ ਸਵਰਨ ਸਿੰਘ ਦੇ ਨਾਲ ਜਲੰਧਰ ਬਾਈਪਾਸ ’ਤੇ ਫਲ ਲੈਣ ਗਿਆ, ਪਰ ਵਾਪਸ ਘਰ ਨਹੀਂ ਆਇਆ। ਪੁਲਸ ਸ਼ੁਰੂ ਤੋਂ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਇਸ ਲਈ ਬੱਚੇ ਦੇ ਤਾਏ ਸਵਰਨ ਸਿੰਘ ਨੂੰ ਹਿਰਾਸਤ ’ਚ ਲੈ ਲਿਆ। ਦੋ ਦਿਨ ਤੋਂ ਉਸ ਤੋਂ ਪੁੱਛਗਿੱਛ ਚੱਲ ਰਹੀ ਸੀ। ਸ਼ੁਰੂ ’ਚ ਸਵਰਨ ਸਿੰਘ ਇਸ ਗੱਲ ’ਤੇ ਅੜਿਆ ਰਿਹਾ ਕਿ ਸਹਿਜਪ੍ਰੀਤ ਕਿੱਥੇ ਗਿਆ, ਇਸ ਬਾਰੇ ਉਸ ਨੂੰ ਨਹੀਂ ਪਤਾ, ਪਰ ਪੁੱਛਗਿੱਛ ਦੇ ਲੰਮਾ ਖਿੱਚਣ ’ਤੇ ਉਹ ਟੁੱਟ ਗਿਆ ਅਤੇ ਆਪਣਾ ਗੁਨਾਹ ਕਬੂਲ ਲਿਆ।




