ਭਿੰਡ : ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਪੱਤਰਕਾਰਾਂ ਵੱਲੋਂ ਸਿਹਤ ਵਿਭਾਗ ਦੀ ਪੋਲ ਖੋਲ੍ਹਣ ਦੀ ਇੱਕ ਖ਼ਬਰ ਦਿਖਾਏ ਜਾਣ ’ਤੇ ਪ੍ਰਸ਼ਾਸਨ ਨੇ ਤਾਨਾਸ਼ਾਹੀ ਰਵੱਈਆ ਦਿਖਾਉਂਦੇ ਹੋਏ ਪੱਤਰਕਾਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਕੁਲੈਕਟਰ ਨੇ ਤਿੰਨ ਪੱਤਰਕਾਰਾਂ ਖਿਲਾਫ਼ ਧਾਰਾ 420, 505 ਅਤੇ ਧਾਰਾ 59, 2008 ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਪੱਤਰਕਾਰਾਂ ’ਚ ਰੋਸ ਹੈ ਅਤੇ ਉਹ ਵੱਡੇ ਅੰਦੋਲਨ ਦੀ ਤਿਆਰ ’ਚ ਹਨ।
ਮੱਧ ਪ੍ਰਦੇਸ਼ ਦੇ ਚੰਬਲ ਇਲਾਕੇ ’ਚ ਭਿੰਡ ਜ਼ਿਲ੍ਹੇ ’ਚ ਇੱਕ ਵੀਡੀਓ ਵਾਇਰਲ ਹੋਈ, ਜਿਸ ’ਚ ਇੱਕ ਵਿਅਕਤੀ ਆਪਣੇ ਬਿਮਾਰ ਪਿਤਾ ਨੂੰ ਠੇਲ੍ਹੇ ’ਤੇ ਹਸਪਤਾਲ ਲਿਜਾ ਰਿਹਾ ਸੀ। ਇਸ ਬਾਰੇ ਜਦ ਸਥਾਨਕ ਪੱਤਰਕਾਰਾਂ ਨੇ ਉਸ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਐਂਬੂਲੈਂਸ ਲੈਣ ਲਈ ਕਈ ਵਾਰ ਉਸ ਨੇ ਕੋਸ਼ਿਸ਼ ਕੀਤੀ, ਪਰ ਐਂਬੂਲੈਂਸ ਨਹੀਂ ਪਹੁੰਚੀ, ਇਸ ਲਈ ਉਸ ਨੇ ਬਿਮਾਰ ਪਿਤਾ ਨੂੰ ਠੇਲ੍ਹੇ ’ਤੇ ਲਿਜਾਣ ਦਾ ਫੈਸਲਾ ਕੀਤਾ।
ਸਰਕਾਰ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਇਸ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਸਤੀਸ਼ ਕੁਮਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਇੱਕ ਜਾਂਚ ਦਲ ਦਾ ਗਠਨ ਕੀਤਾ ਗਿਆ। ਜਾਂਚ ਦਲ ਨੇ ਕੁਲੈਕਟਰ ਨੂੰ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਇਹ ਖ਼ਬਰ ਗਲਤ ਅਤੇ ਝੂਠੀ ਹੈ। ਪਰਵਾਰ ਨੇ ਐਂਬੂਲੈਂਸ ਲਈ ਕਾਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਬਾਅਦ ਕੁਲੈਕਟਰ ਦੇ ਆਦੇਸ਼ ’ਤੇ ਤਿੰਨ ਪੱਤਰਕਾਰਾਂ ’ਤੇ ਧੋਖੇਬਾਜ਼ੀ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕੀਤਾ ਗਿਆ।
ਪੱਤਰਕਾਰਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਆਪਣੇ ਪਿਤਾ ਨੂੰ ਠੇਲ੍ਹੇ ’ਤੇ ਲਿਜਾਣ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਤੋਂ ਬਾਅਦ ਉਹ ਪੀੜਤ ਦੇ ਘਰ ਪਹੁੰਚੇ ਅਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ। ਪੀੜਤ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਵਾਰ ਉਸ ਨੇ ਐਂਬੂਲੈਂਸ ਨੂੰ ਫੋਨ ਕੀਤਾ ਸੀ, ਪਰ ਐਂਬੂਲੈਂਸ ਨਹੀਂ ਪਹੁੰਚੀ। ਪੱਤਰਕਾਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਪਰਵਾਰ ’ਤੇ ਦਬਾਅ ਪਾਇਆ ਅਤੇ ਕਿਹਾ ਕਿ ਜੋ ਸਰਕਾਰ ਵੱਲੋਂ ਸੁਵਿਧਾਵਾਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਵਾਪਸ ਲੈ ਲਿਆ ਜਾਵੇਗਾ। ਇਸ ਕਾਰਨ ਪੂਰਾ ਪਰਵਾਰ ਪ੍ਰਸ਼ਾਸਨ ਦੇ ਦਬਾਅ ’ਚ ਹੈ।





