6.4 C
Jalandhar
Friday, February 7, 2025
spot_img

ਪਿ੍ਰੰਸੀਪਲਾਂ ਦਾ 7ਵਾਂ ਬੈਚ ਜਲਦ ਭੇਜਿਆ ਜਾਵੇਗਾ ਸਿੰਗਾਪੁਰ : ਬੈਂਸ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ 36 ਸਕੂਲ ਪਿ੍ਰੰਸੀਪਲਾਂ ਨੂੰ ਪੰਜ-ਰੋਜ਼ਾ ਸਿਖਲਾਈ ਲਈ ਸਿੰਗਾਪੁਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੀਡਰਸ਼ਿਪ ਡਿਵੈੱਲਪਮੈਂਟ ਪ੍ਰੋਗਰਾਮ ਤਹਿਤ ਹੁਣ ਤੱਕ ਪੰਜਾਬ ਦੇ 198 ਪਿ੍ਰੰਸੀਪਲ ਅਤੇ ਸਿੱਖਿਆ ਅਧਿਕਾਰੀ ਸਿੰਗਾਪੁਰ ਦੀ ਪਿ੍ਰੰਸੀਪਲਜ਼ ਅਕੈਡਮੀ ਤੋਂ ਸਿਖਲਾਈ ਲੈ ਚੁੱਕੇ ਹਨ। ਇਸ ਪ੍ਰੋਗਰਾਮ ਤਹਿਤ ਹੁਣ 36 ਸਕੂਲ ਪਿ੍ਰੰਸੀਪਲਾਂ ਦਾ 7ਵਾਂ ਬੈਚ ਇਸ ਸਾਲ ਮਾਰਚ ਵਿੱਚ ਸਿੰਗਾਪੁਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ’ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਸਿੱਖਿਆ ਪ੍ਰਬੰਧਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਨ ਲਈ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸ ਸੀ ਈ ਆਰ ਟੀ) ਵਿਖੇ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਅਫੇਅਰਜ ਸੈੱਲ (ਆਈ.ਈ.ਏ.ਸੀ.) ਸਥਾਪਤ ਕੀਤਾ ਗਿਆ ਹੈ। ਇਸ ਟ੍ਰੇਨਿੰਗ ਲਈ ਯੋਗਤਾ ਮਾਪਦੰਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਮੀਦਵਾਰਾਂ ਦੀ ਉਮਰ 31 ਜਨਵਰੀ, 2025 ਤੱਕ 53 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਹਨਾਂ ਕੋਲ ਘੱਟੋ-ਘੱਟ ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਖਿਲਾਫ ਕੋਈ ਚਾਰਜਸ਼ੀਟ, ਜਾਂਚ ਜਾਂ ਅਪਰਾਧਿਕ ਕੇਸ ਲੰਬਿਤ ਨਹੀਂ ਹੋਣਾ ਚਾਹੀਦਾ। ਇਹਨਾਂ ਮੁਢਲੀਆਂ ਸਰਤਾਂ ਨੂੰ ਪੂਰਾ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਗੇੜ ਵਿੱਚ ਸ਼ਾਮਲ ਹੋਣਗੇ, ਜਿੱਥੇ ਉਨ੍ਹਾਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ, ਜੋ ਵਿਦਿਅਕ ਯੋਗਤਾ, ਤਜਰਬੇ, ਏ.ਸੀ.ਆਰ. ਅਤੇ ਐਵਾਰਡਾਂ ਦੇ ਆਧਾਰ ’ਤੇ ਹੋਵੇਗੀ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੰਗਾਪੁਰ ਵਿੱਚ ਆਪਣੇ ਦੌਰੇ ਦੌਰਾਨ, ਉਹ ਵੱਖ-ਵੱਖ ਵਰਕਸ਼ਾਪਾਂ, ਸੈਮੀਨਾਰਾਂ ਅਤੇ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।

Related Articles

Latest Articles