ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗੱਦੀ ਸੰਭਾਲਦੇ ਹੀ ਗੁਆਂਢੀ ਮੁਲਕਾਂ ਨਾਲ ਲਏ ਟੈਰਿਫ ਪੰਗੇ ਦਾ ਸੇਕ ਕੇਂਦਰੀ ਅਮਰੀਕਾ ਦੇ ਮੁਲਕ ਪਨਾਮਾ ਤੱਕ ਜਾ ਪਹੁੰਚਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਪਨਾਮਾ ਦੇ ਰਾਸ਼ਟਰਪਤੀ ਜੋਇ ਰੌਇ ਮੋਲੀਨੋ ਨੂੰ ਪਨਾਮਾ ਨਹਿਰ ਤੋਂ ਚੀਨ ਦੇ ਦਖਲ ਅਤੇ ਪ੍ਰਭਾਵ ਨੂੰ ਘਟਾਉਣ ਲਈ ਕਹਿਣਾ ਉੱਥੋਂ ਦੇ ਲੋਕਾਂ ਨੂੰ ਬੁਰਾ ਲੱਗਾ ਹੈ। ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਬਣਾਈ ਨਹਿਰ ਉੱਤੇ ਕਿਸੇ ਹੋਰ ਦੇਸ਼ ਦੇ ਗਲਬੇ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਮੋਲੀਨੋ ਨੇ ਹਾਲਾਂਕਿ ਇਸ ਦੇ ਜਵਾਬ ਵਿਚ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ 1999 ਦੇ ਸਮਝੌਤੇ ਦੀ ਪਾਲਣਾ ਦੇ ਪਾਬੰਦ ਹਨ ਤੇ ਉਸ ਨੂੰ ਹੀ ਨਵਿਆਇਆ ਜਾਏਗਾ। ਅਮਰੀਕਨ ਧਮਕੀ ਤੋਂ ਬਾਅਦ ਸੈਂਕੜੇ ਲੋਕਾਂ ਨੇ ਪਨਾਮਾ ਦੀਆਂ ਸੜਕਾਂ ’ਤੇ ਆ ਕੇ ਅਮਰੀਕਨ ਝੰਡੇ ਸਾੜੇ।