ਚੰਡੀਗੜ੍ਹ : ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਪੰਜਾਬ ਸਰਕਾਰ ਤੇ ਪੁਲਸ ਨਰਮੀ ਨਾਲ ਪੇਸ਼ ਆਵੇਗੀ ਤੇ ਦੋਸਤਾਨਾ ਰਵੱਈਆ ਰੱਖੇਗੀ ਪਰ ਪੁਲਸ ਵਲੋਂ ਉਨ੍ਹਾਂ ਦਾ ਅਪਰਾਧਕ ਰਿਕਾਰਡ ਜਾਂਚਿਆ ਜਾਵੇਗਾ ਤੇ ਉਸ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੱਸਿਆ ਜਾਂਦਾ ਹੈ ਕਿ ਪੰਜਾਬ ਪੁਲਸ ਨੇ ਅਪਰਾਧਕ ਪਿਛੋਕੜ ਵਾਲੇ ਕਰੀਬ 100 ਲੋੜੀਂਦੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਵਿੱਚੋਂ 20 ਜਣਿਆਂ ਦੇ ਅਮਰੀਕਾ ਵਿੱਚ ਲੁਕੇ ਹੋਣ ਦਾ ਖ਼ਦਸ਼ਾ ਹੈ। ਪੰਜਾਬ ਪੁਲਸ ਕੋਲ ਹਾਲਾਂਕਿ ਵਾਪਸ ਭਾਰਤ ਭੇਜੇ ਗਏ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਸ ਪਰਵਾਸੀਆਂ ਦੀ ਪਛਾਣ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਦੇ ਨਾਲ-ਨਾਲ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੇ ਸੰਪਰਕ ਵਿੱਚ ਹੈ।
ਅਮਰੀਕਾ ਵਿਚ ਮੌਜੂਦ ਲੋੜੀਂਦੇ ਅਪਰਾਧੀਆਂ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮੁਲਜ਼ਮ ਅਨਮੋਲ ਬਿਸ਼ਨੋਈ, ਪੰਜਾਬ ਦੇ ਪੁਲਸ ਥਾਣਿਆਂ ’ਤੇ ਗ੍ਰੇਨੇਡ ਹਮਲਿਆਂ ਵਿੱਚ ਸ਼ਾਮਲ ਹੈਪੀ ਪਾਸੀਆ, ਨਸ਼ਾ ਤਸਕਰ ਸਰਵਣ ਭੋਲਾ ਤੇ ਗੋਪੀ ਨਵਾਸ਼ਹਿਰੀਆ ਆਦਿ ਸ਼ਾਮਲ ਹਨ। ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ।
ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰਕਾਨੂੰਨੀ ਪ੍ਰਵਾਸੀਆਂ ਵਿਚ ਖ਼ਤਰਨਾਕ ਅਪਰਾਧੀ ਸ਼ਾਮਲ ਹੋਣ, ਜੋ ਪੰਜਾਬ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਲੋੜੀਂਦੇ ਹਨ। ਪਰ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਤੇ ਅਪਰਾਧੀਆਂ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ, ਅਸੀਂ ਅਪਰਾਧੀਆਂ ਦੀ ਹਵਾਲਗੀ ਤੇ ਵਤਨ ਵਾਪਸੀ ਲਈ ਕੰਮ ਕਰ ਰਹੇ ਹਾਂ। ਕਾਊਂਟਰ ਇੰਟੈਲੀਜੈਂਸ ਯੂਨਿਟ, ਐਂਟੀ-ਨਾਰਕੋਟਿਕਸ ਟਾਸਕ ਫੋਰਸ ਤੇ ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਕਰੀਬ 100 ਅਪਰਾਧੀਆਂ ਦੀ ਕੇਸ ਹਿਸਟਰੀ ਨੂੰ ਅੰਤਮ ਰੂਪ ਦਿੱਤਾ ਗਿਆ ਹੈ। ਅਸੀਂ ਰੂਟੀਨ ਵਿਚ ਫਾਈਲਾਂ ਤਿਆਰ ਰੱਖਦੇ ਹਾਂ ਤੇ ਜ਼ਰੂਰੀ ਦਸਤਾਵੇਜ਼ ਤੇ ਹੋਰ ਪ੍ਰਵਾਨਗੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਪੰਜਾਬ ਪੁਲਸ ਲਈ ਹੱਲਾਸ਼ੇਰੀ ਵਾਲਾ ਹੈ ਕਿ ਉਹ (ਟਰੰਪ) ਅਮਰੀਕੀ ਧਰਤੀ ਨੂੰ ਕਿਸੇ ਦੂਜੇ ਮੁਲਕ ਖਿਲਾਫ਼ ਹਿੰਸਕ ਕਾਰਵਾਈਆਂ ਲਈ ਨਹੀਂ ਵਰਤਣ ਦੇਣਗੇ। ਪੰਜਾਬ ਪੁਲਸ ਵੱਲੋਂ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਸਣੇ ਲੋੜੀਂਦੇ ਅਪਰਾਧੀਆਂ ਦੀ ਵਤਨ ਵਾਪਸੀ ਜਾਂ ਹਵਾਲਗੀ ਲਈ ਕੋਸ਼ਿਸ਼ਾਂ ਜਾਰੀ ਹਨ। ਲਿਹਾਜ਼ਾ ਇਸ ਨੂੰ ਅਮਲ ਵਿੱਚ ਲਿਆਉਣ ਲਈ ਅਸੀਂ ਕੇਸ ਫਾਈਲਾਂ ਤਿਆਰ ਰੱਖੀਆਂ ਹਨ।
ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦਾ ਮਤਲਬ ਹੈ ਕਿ ਅਮਰੀਕਾ ਆਪਣੀ ਧਰਤੀ ’ਤੇ ਸਰਗਰਮ ਪੰਜਾਬ ਦੇ ਗੈਂਗਸਟਰਾਂ, ਜੋ ਪੰਜਾਬ ਵਿਚ ਹਿੰਸਕ ਕਾਰਵਾਈਆਂ ’ਚ ਸ਼ਾਮਲ ਹਨ, ਖਿਲਾਫ਼ ਕਾਰਵਾਈ ਤੇਜ਼ ਕਰ ਸਕਦਾ ਹੈ।