ਕੰੁਭ ’ਚ ਲਾਸ਼ਾਂ ਜੇ ਸੀ ਬੀ ਨਾਲ ਟਰਾਲੀਆਂ ’ਚ ਸੁੱਟ ਕੇ ਗਾਇਬ ਕਰ’ਤੀਆਂ : ਅਖਿਲੇਸ਼

0
63

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਕੇਂਦਰ ਤੇ ਯੂਪੀ ਸਰਕਾਰ ’ਤੇ ਪ੍ਰਯਾਗਰਾਜ ਮਹਾਂਕੁੰਭ ਵਿੱਚ ਮਚੀ ਭਗਦੜ ਦੌਰਾਨ ਮਾਰੇ ਗਏ ਲੋਕਾਂ ਦੇ ਅੰਕੜੇ ਲੁਕਾਉਣ ਦਾ ਦੋਸ਼ ਲਗਾਉਂਦਿਆਂ ਮੰਗ ਕੀਤੀ ਕਿ ਮਹਾਂਕੁੰਭ ਦੇ ਪ੍ਰਬੰਧਾਂ ਬਾਰੇ ਸਪੱਸ਼ਟੀਕਰਨ ਲਈ ਸਰਬ ਪਾਰਟੀ ਬੈਠਕ ਸੱਦੀ ਜਾਵੇ। ਯਾਦਵ ਨੇ ਕਿਹਾ ਕਿ ਮਹਾਂਕੁੰਭ ਵਿਚ ਪ੍ਰਬੰਧਾਂ ਦਾ ਕੰਮ ਫੌਜ ਦੇ ਹਵਾਲੇ ਕੀਤਾ ਜਾਵੇ। ਯਾਦਵ ਨੇ ਕਿਹਾ ਕਿ ਸਰਕਾਰ ਮਿ੍ਰਤਕਾਂ ਦੀ ਗਿਣਤੀ ਲੁਕਾ ਰਹੀ ਹੈ ਤੇ ਭਗਦੜ ਵਿਚ ਮੌਤ ਦੇ ਮੂੰਹ ਪਏ ਲੋਕਾਂ ਦੀਆਂ ਲਾਸ਼ਾਂ ਜੇ ਸੀ ਬੀ ਮਸ਼ੀਨਾਂ ਨਾਲ ਟਰੈਕਟਰ-ਟਰਾਲੀਆਂ ਵਿੱਚ ਭਰ ਕੇ ਗਾਇਬ ਕਰ ਦਿੱਤੀਆਂ ਗਈਆਂ। ਉਨ੍ਹਾ ਕਿਹਾ ਕਿ ਲੋਕ ਮਹਾਂਕੁੰਭ ਵਿਚ ਪੁੰਨ ਖੱਟਣ ਲਈ ਆਏ ਸਨ, ਪਰ ਆਪਣੇ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਲੈ ਕੇ ਮੁੜੇ। ਲਾਸ਼ਾਂ ਮੁਰਦਾਘਰ ’ਚ ਪਈਆਂ ਹੋਈਆਂ ਸਨ ਤੇ ਸਰਕਾਰ ਉਪਰੋਂ ਹੈਲੀਕਾਪਟਰ ਨਾਲ ਫੁੱਲ-ਪਤੀਆਂ ਸੁੱਟ ਰਹੀ ਸੀ।
ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਜਟ ਦੇ ਅੰਕੜੇ ਦੇ ਰਹੀ ਹੈ, ਮਹਾਂਕੁੰਭ ਵਿੱਚ ਮਰਨ ਵਾਲਿਆਂ ਦੇ ਅੰਕੜੇ ਵੀ ਉਸੇ ਤਰ੍ਹਾਂ ਜਾਰੀ ਕੀਤੇ ਜਾਣ। ਜ਼ਖ਼ਮੀਆਂ ਦੇ ਇਲਾਜ, ਭੋਜਨ, ਆਵਾਜਾਈ ਆਦਿ ਦਾ ਅੰਕੜਾ ਸੰਸਦ ਵਿੱਚ ਪੇਸ਼ ਕੀਤਾ ਜਾਵੇ। ਯਾਦਵ ਨੇ ਕੇਂਦਰ ਸਰਕਾਰ ਤੇ ਯੂਪੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਲੁਕਾਉਣ ਦਾ ਦੋਸ਼ ਲਾਇਆ ਤੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਯੂ ਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾਜਿਨ੍ਹਾਂ ਨੇ ਸੱਚ ਲੁਕਾਇਆ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਮੌਤਾਂ ਦੇ ਅੰਕੜਿਆਂ ਨੂੰ ਦਬਾਇਆ, ਲੁਕਾਇਆ ਤੇ ਮਿਟਾਇਆ ਕਿਉਂ ਗਿਆ? ਅੰਕੜੇ ਲੁਕਾਉਣ ਲਈ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿੱਥੇ ਪ੍ਰਬੰਧ ਹੋਣਾ ਚਾਹੀਦਾ ਸੀ, ਉਥੇ ਪ੍ਰਚਾਰ ਹੋ ਰਿਹਾ ਸੀ। ਧਾਰਮਿਕ ਸਮਾਗਮ ਦੌਰਾਨ ਸਰਕਾਰ ਦਾ ਪ੍ਰਚਾਰ ਨਿੰਦਣਯੋਗ ਹੈ। ਯਾਦਵ ਨੇ ਕਿਹਾ ਕਿ ਡਿਜੀਟਲ ਕੁੰਭ ਕਰਵਾਉਣ ਦਾ ਦਾਅਵਾ ਕਰਨ ਵਾਲੇ ਮਿ੍ਰਤਕਾਂ ਦੀ ਡਿਜਿਟ (ਅੰਕੜਾ) ਨਹੀਂ ਦੇ ਸਕੇ ਹਨ। ਉਨ੍ਹਾ ਦਾਅਵਾ ਕੀਤਾ ਕਿ ਮਹਾਂਕੁੰਭ ਵਿੱਚ ਭਗਦੜ ਕਰਕੇ ਸੰਤਾਂ ਦੇ ਇਕ ਨਿਰਧਾਰਤ ਮਹੂਰਤ ਵਿੱਚ ਇਸ਼ਨਾਨ ਦੀ ਰਵਾਇਤ ਵੀ ਟੁੱਟ ਗਈ। ਯਾਦਵ ਨੇ ਕਿਹਾਜੇ ਮੇਰੀ ਗੱਲ ਗ਼ਲਤ ਹੈ ਤਾਂ ਸਦਨ ਦੇ ਆਗੂ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਚਰਚਾ ਨੂੰ ਸਮੇਟਣ ਮੌਕੇ ਇਸ ਦਾ ਜਵਾਬ ਦੇਣ। ਸਪਾ ਮੁਖੀ ਨੇ ਦਾਅਵਾ ਕੀਤਾ ਕਿ ਭਗਦੜ ਦੀ ਘਟਨਾ ਦੇ 17 ਘੰਟਿਆਂ ਮਗਰੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਸ਼ੋਕ ਸੁਨੇਹਿਆਂ ਤੋਂ ਬਾਅਦ ਯੂ ਪੀ ਦੇ ਮੁੱਖ ਮੰਤਰੀ (ਯੋਗੀ ਆਦਿੱਤਿਆਨਾਥ) ਨੇ ਲੋਕਾਂ ਦੇ ਮਾਰੇ ਜਾਣ ਦੀ ਗੱਲ ਸਵੀਕਾਰ ਕੀਤੀ। ਯਾਦਵ ਨੇ ਤਨਜ਼ ਕਸਦਿਆਂ ਕਿਹਾ ਕਿ ਭਾਜਪਾ ‘ਡਬਲ ਇੰਜਣ’ ਦੀ ਸਰਕਾਰ ਦਾ ਦਾਅਵਾ ਕਰਦੀ ਹੈ, ਪਰ ਹੁਣ ਇਸ ਦੇ ਇੰਜਨ ਤਾਂ ਟਕਰਾਅ ਹੀ ਰਹੇ ਹਨ, ਬਲਕਿ ਡੱਬੇ ਵੀ ਟਕਰਾਉਣ ਲੱਗੇ ਹਨ। ਯਾਦਵ ਨੇ ਕਿਹਾ ਕਿ ਦਸ ਸਾਲ ਪਹਿਲਾਂ ਵਾਰਾਨਸੀ ਨੂੰ ਜਾਪਾਨ ਦੇ ਕਿਓਟੋ ਸ਼ਹਿਰ ਵਰਗਾ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਪ੍ਰਧਾਨ ਮੰਤਰੀ ਦਾ ਚੋਣ ਹਲਕਾ ਹੋਣ ਦੇ ਬਾਵਜੂਦ ਅੱਜ ਤੱਕ ਉਥੇ ਮੈਟਰੋ ਸ਼ੁਰੂ ਨਹੀਂ ਹੋ ਸਕੀ। ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਕਿਹਾ ਕਿ ਭਗਦੜ ਮਾਮੂਲੀ ਘਟਨਾ ਸੀ।