ਨਵੀਂ ਦਿੱਲੀ : ਦਿੱਲੀ ਅਸੈਂਬਲੀ ਦੀ ਚੋਣ ਲਈ ਬੁੱਧਵਾਰ ਨੂੰ ਵੋਟਾਂ ਪੈਣਗੀਆਂ। ਕੌਮੀ ਰਾਜਧਾਨੀ ਦੇ 70 ਹਲਕਿਆਂ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਦਿੱਲੀ ਦੇ 1.56 ਕਰੋੜ ਵੋਟਰ ਆਜ਼ਾਦ ਅਤੇ ਹੋਰ ਸਥਾਨਕ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ 13,766 ਪੋਲਿੰਗ ਸਟੇਸ਼ਨਾਂ ’ਤੇ 1.56 ਕਰੋੜ ਵੋਟਰ ਵੋਟ ਪਾਉਣ ਦੇ ਯੋਗ ਹਨ। ਇਸੇ ਦੌਰਾਨ ਦਿੱਲੀ ਪੁਲਸ ਨੇ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਤੇ ਸਰਕਾਰੀ ਅਧਿਕਾਰੀ ਦੀ ਡਿਊਟੀ ਵਿੱਚ ਅੜਿੱਕਾ ਡਾਹੁਣ ਦੇ ਦੋਸ਼ ਵਿਚ ਮੁੱਖ ਮੰਤਰੀ ਤੇ ਕਾਲਕਾਜੀ ਹਲਕੇ ਤੋਂ ‘ਆਪ’ ਉਮੀਦਵਾਰ ਆਤਿਸ਼ੀ ਖਿਲਾਫ਼ ਕੇਸ ਦਰਜ ਕੀਤਾ ਹੈ।
ਪੁਲਸ ਅਧਿਕਾਰੀ ਨੇ ਕਿਹਾ ਕਿ ਗੋਵਿੰਦਪੁਰੀ ਪੁਲਸ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕਾਲਕਾਜੀ ਤੋਂ ‘ਆਪ’ ਉਮੀਦਵਾਰ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਗਲੇਰੀ ਜਾਂਚ ਦਾ ਅਮਲ ਜਾਰੀ ਹੈ। ਉਨ੍ਹਾ ਅੱਗੇ ਦੱਸਿਆ ਕਿ ਫਤਿਹ ਸਿੰਘ ਮਾਰਗ ’ਤੇ ‘ਆਪ’ ਉਮੀਦਵਾਰ ਨੂੰ 50-70 ਸਮਰਥਕਾਂ ਅਤੇ 10 ਗੱਡੀਆਂ ਸਮੇਤ ਮਿਲਣ ’ਤੇ ਉਪਰੋਕਤ ਕਾਰਵਾਈ ਕੀਤੀ ਗਈ। ਪੁਲਸ ਨੇ ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਲਾਕਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ, ਪਰ ਉਨ੍ਹਾਂ ਇੱਕ ਅਧਿਕਾਰੀ ਨੂੰ ਉਸ ਦੀ ਡਿਊਟੀ ਕਰਨ ਤੋਂ ਰੋਕਿਆ। ਉਧਰ, ਆਤਿਸ਼ੀ ਨੇ ਦੋਸ਼ ਲਗਾਇਆ ਕਿ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਅਤੇ ਉਸ ਦੇ ਪਰਵਾਰ ਦੇ ਮੈਂਬਰ ਖੁੱਲ੍ਹੇਆਮ ਗੁੰਡਾਗਰਦੀ ਕਰ ਰਹੇ ਸਨ, ਪਰ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਗੁੰਡਾਗਰਦੀ ਉੱਤੇ ਉੱਤਰ ਆਈ ਹੈ, ਜਦੋਂਕਿ ਦਿੱਲੀ ਪੁਲਸ ‘ਆਪ’ ਆਗੂਆਂ ਤੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਜਪਾ ਵਰਕਰਾਂ ਨੂੰ ਬਚਾ ਰਹੀ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਭਾਰਤ ਵਿੱਚ ਜਮਹੂਰੀਅਤ ਹੁਣ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੱਥ ਵਿੱਚ ਹੈ ਅਤੇ ਪੂਰਾ ਦੇਸ਼ ਦੇਖ ਰਿਹਾ ਹੈ ਕਿ ਕੀ ਇਸ (ਜਮਹੂਰੀਅਤ) ਦਾ ਕੌਮੀ ਰਾਜਧਾਨੀ ਵਿੱਚ ਬਚਾਅ ਹੁੰਦਾ ਹੈ ਜਾਂ ਨਹੀਂ।