ਅਮਰਾਵਤੀ : ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਡਾਕਟਰਾਂ ਨੇ ਤਿੰਨ ਦਿਨਾਂ ਦੇ ਬੱਚੇ ਦੇ ਪੇਟ ਵਿੱਚੋਂ ਦੋ ਭਰੂਣ ਕੱਢੇ। ਜੌੜੇ ਭਰੂਣਾਂ ਦੇ ਹੱਥ ਤੇ ਪੈਰ ਬਣੇ ਹੋਏ ਸਨ। ਜਾਣਕਾਰੀ ਅਨੁਸਾਰ 32 ਸਾਲਾ ਮਹਿਲਾ ਵੱਲੋਂ ਪਿਛਲੇ ਮਹੀਨੇ ਨਿਯਮਤ ਸਿਹਤ ਜਾਂਚ ਦੌਰਾਨ ਕਰਵਾਈ ਸੋਨੋਗ੍ਰਾਫ਼ੀ ਮੌਕੇ ਡਾਕਟਰਾਂ ਨੂੰ ‘ਭਰੂਣ ਦੇ ਅੰਦਰ ਭਰੂਣ’ ਹੋਣ ਬਾਰੇ ਪਤਾ ਲੱਗਾ ਸੀ।
ਡਾਕਟਰਾਂ ਨੇ ਕਿਹਾ ਕਿ ਇਹ ਬਹੁਤ ਹੀ ਨਿਵੇਕਲੀ ਸਥਿਤੀ ਹੈ। ਇਸ ਮਹਿਲਾ ਨੇ 1 ਫਰਵਰੀ ਨੂੰ ਬੁਲਢਾਣਾ ਮਹਿਲਾ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਉਪਰੰਤ ਜੱਚਾ-ਬੱਚਾ ਨੂੰ ਅਮਰਾਵਤੀ ਜ਼ਿਲ੍ਹੇ ਦੇ ਸੁਪਰ ਸਪੈਸ਼ਲਿਟੀ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਨਵਜੰਮੇ ਬੱਚੇ ਦਾ ਅਪਰੇਸ਼ਨ ਕਰਕੇ ਉਸ ਦੇ ਪੇਟ ਵਿੱਚੋਂ ਦੋ ਭਰੂਣ ਕੱਢੇ। ਅਮਰਾਵਤੀ ਮੰਡਲ ਹਸਪਤਾਲ ’ਚ ਡਾ. ਊਸ਼ਾ ਗਜਭੀਏ ਦੀ ਨਿਗਰਾਨੀ ਵਿੱਚ ਬੱਚੇ ਦਾ ਅਪਰੇਸ਼ਨ ਕੀਤਾ ਗਿਆ। ਡਾਕਟਰ ਨੇ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਜੱਚਾ-ਬੱਚਾ ਦੋਵੇਂ ਸਿਹਤਮੰਦ ਹਨ।
ਬੁਲਢਾਣਾ ਹਸਪਤਾਲ ਵਿੱਚ ਗਾਇਨੀ ਤੇ ਮਹਿਲਾ ਰੋਗਾਂ ਦੀ ਮਾਹਰ ਡਾ. ਪ੍ਰਸਾਦ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਪੂਰੇ ਵਿਸ਼ਵ ਵਿੱਚ ਅਜਿਹੇ 200 ਮਾਮਲੇ ਹੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਭਾਰਤ ’ਚੋਂ 10 ਤੋਂ 15 ਮਾਮਲੇ ਰਿਪੋਰਟ ਹੋਏ ਹਨ।