ਵਿਜੇ ਮਾਲਿਆ ਨੇ ਬੈਂਕ ਕਰਜ਼ਾ ਸਟੇਟਮੈਂਟ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

0
36

ਬੇਂਗਲੁਰੂ : ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬੈਂਕਾਂ ਤੋਂ ਕਰਜ਼ਾ ਵਸੂਲੀ ਖਾਤਿਆਂ ਦੀ ਮੰਗ ਕੀਤੀ ਹੈ। ਮਾਲਿਆ ਦੇ ਵਕੀਲ ਸਾਜਨ ਪੂਵਈਆ ਮੁਤਾਬਕ 6200 ਕਰੋੜ ਰੁਪਏ ਮੋੜੇ ਜਾਣੇ ਸਨ, ਪਰ 14,000 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਮਾਲਿਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਇਸ ਦੀ ਸੂਚਨਾ ਵਿੱਤ ਮੰਤਰੀ ਨੇ ਲੋਕ ਸਭਾ ਨੂੰ ਦਿੱਤੀ ਸੀ। ਮਾਲਿਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਰਜ਼ਾ ਵਸੂਲੀ ਅਧਿਕਾਰੀ ਨੇ ਕਿਹਾ ਹੈ ਕਿ 10,200 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਉਨ੍ਹਾ ਦਾਅਵਾ ਕੀਤਾ ਕਿ ਭਾਵੇਂ ਕਰਜ਼ੇ ਦੀ ਪੂਰੀ ਰਕਮ ਕਲੀਅਰ ਹੋ ਚੁੱਕੀ ਹੈ, ਪਰ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ। ਇਸ ਲਈ ਬੈਂਕਾਂ ਨੂੰ ਵਸੂਲੀ ਕਰਜ਼ੇ ਦੀ ਰਕਮ ਦੀ ਸਟੇਟਮੈਂਟ ਦੇਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ।
ਮਾਲਿਆ ਇਸ ਸਮੇਂ ਲੰਡਨ ਵਿੱਚ ਰਹਿ ਰਿਹਾ ਹੈ ਅਤੇ ਕਥਿਤ ਕਰਜ਼ਾ ਡਿਫਾਲਟ ਲਈ ਭਾਰਤ ਸਰਕਾਰ ਵੱਲੋਂ ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ 18 ਦਸੰਬਰ 2024 ਨੂੰ ਵਿਜੇ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਬੈਂਕਾਂ ਨੇ ਉਸ ਤੋਂ 6203 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ 14,131.60 ਕਰੋੜ ਰੁਪਏ ਵਸੂਲ ਕੀਤੇ ਹਨ, ਪਰ ਉਹ ਆਰਥਕ ਅਪਰਾਧੀ ਬਣਿਆ ਹੋਇਆ ਹੈ। ਉਸ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਜਦੋਂ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਬੈਂਕ ਕਾਨੂੰਨੀ ਤੌਰ ’ਤੇ ਇਹ ਸਾਬਤ ਨਹੀਂ ਕਰ ਸਕਦੇ ਕਿ ਉਸ ਨੇ ਦੋ ਗੁਣਾ ਤੋਂ ਵੱਧ ਕਰਜ਼ਾ ਕਿਵੇਂ ਲਿਆ ਹੈ, ਉਹ ਰਾਹਤ ਦਾ ਹੱਕਦਾਰ ਹੈ।