ਦਿੱਲੀ ’ਚ ਮਾਮਲਾ ਫਸ ਗਿਆ!

0
35

ਨਵੀਂ ਦਿੱਲੀ : ਦਿੱਲੀ ਅਸੈਂਬਲੀ ਚੋਣਾਂ ਲਈ ਜਾਰੀ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਕੌਮੀ ਰਾਜਧਾਨੀ ’ਚ ਭਾਜਪਾ ਦੀ ਸੱਤਾ ’ਚ ਵਾਪਸੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਰਿਪਬਲਿਕ ਮੈਟਰਿਜ਼ ਪੋਲ ਵਿੱਚ ਭਾਜਪਾ ਨੂੰ 35 ਤੋਂ 40 ਸੀਟਾਂ ਤੇ ‘ਆਪ’ ਨੂੰ 32 ਤੋਂ 35 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਪੀਪਲਜ਼ ਇਨਸਾਈਟ ਪੋਲ ਨੇ ਭਾਜਪਾ ਨੂੰ 40-44 ਸੀਟਾਂ ਤੇ ‘ਆਪ’ ਨੂੰ 25-29 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਜੇ ਵੀ ਸੀ ਪੋਲ ਵਿੱਚ ਆਪ ਨੂੰ 22-31 ਸੀਟਾਂ, ਭਾਜਪਾ ਨੂੰ 39-35 ਸੀਟਾਂ ਤੇ ਕਾਂਗਰਸ ਨੂੰ 0-2 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸ਼ਾਮ 5 ਵਜੇ ਤੱਕ 57.70 ਫੀਸਦੀ ਪੋਲਿੰਗ ਹੋਈ ਸੀ। ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 63.83 ਫੀਸਦੀ, ਜਦੋਂ ਕਿ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ 54.37 ਫੀਸਦੀ ਵੋਟਾਂ ਪਈਆਂ ਸਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦਰਮਿਆਨ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਿਤ ਅਤੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਆਪ ਦੇ ਮਨੀਸ਼ ਸਿਸੋਦੀਆ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸਵੇਰੇ ਹੀ ਚੋਣ ਬੂਥਾਂ ’ਤੇ ਜਾ ਕੇ ਵੋਟਾਂ ਪਾਈਆਂ। ਨਵੀਂ ਦਿੱਲੀ ਹਲਕੇ ਤੋਂ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਜੰਗਪੁਰਾ ਹਲਕੇ ਵਿੱਚ ਵੋਟ ਪਾਈ। ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਐਸਟੇਟ ’ਚ 9 ਵਜੇ ਦੇ ਕਰੀਬ ਵੋਟ ਪਾਈ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਪੜਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਮਯੂਰ ਵਿਹਾਰ ਫੇਜ਼ 1 ਪੋਲਿੰਗ ਸਟੇਸ਼ਨ ’ਤੇ ਵੋਟ ਪਾਈ। ਉਨ੍ਹਾ ਕਿਹਾ ਕਿ ਦਿੱਲੀ ਵਿੱਚ ਡਬਲ-ਇੰਜਣ ਵਾਲੀ ਸਰਕਾਰ ਬਣੇਗੀ। ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਨੇ ਸ਼ਰੇਆਮ ਵੋਟਰਾਂ ਨੂੰ ਜੰਗਪੁਰਾ ਵਿੱਚ ਇੱਕ ਬੂਥ ਦੇ ਨਾਲ ਲੱਗਦੀ ਇਮਾਰਤ ਵਿੱਚ ਲਿਜਾ ਕੇ ਪੈਸੇ ਵੰਡੇ। ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਭ ਦਿੱਲੀ ਪੁਲਸ ਅਤੇ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਕੀਤਾ ਗਿਆ। ਇਕ ਵੀਡੀਓ ਵਿਚ ਪਾਰਟੀ ਵਰਕਰਾਂ ਨੂੰ ਪ੍ਰਦਰਸ਼ਨ ਕਰਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ (ਦੱਖਣੀ-ਪੂਰਬੀ) ਨੇ ਦਿੱਲੀ ਪੁਲਸ ਅਤੇ ਫਲਾਇੰਗ ਸਕੁਐਡ ਟੀਮਾਂ ਨੂੰ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦਿੱਲੀ ਦੇ ਲੋਕਾਂ ਨੂੰ ਆਪਣੀ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ। ਚੋਣਾਂ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲਸ ਦੇ 30,000 ਜਵਾਨ ਤੇ ਨੀਮ ਫੌਜੀ ਬਲਾਂ ਦੀਆਂ 220 ਕੰਪਨੀਆਂ ਕੌਮੀ ਰਾਜਧਾਨੀ ਵਿਚ ਤਾਇਨਾਤ ਕੀਤੀਆਂ ਗਈਆਂ। ਦਿੱਲੀ ਦੀ ਮੁੱਖ ਮੰਤਰੀ ਅਤੇ ਕਾਲਕਾਜੀ ਹਲਕੇ ਤੋਂ ‘ਆਪ’ ਉਮੀਦਵਾਰ ਆਤਿਸ਼ੀ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਇੱਕ ਪੋਸਟ ਵਿੱਚ ਜ਼ੋਰ ਦੇ ਕੇ ਕਿਹਾਦਿੱਲੀ ਚੋਣ ਸਿਰਫ਼ ਇੱਕ ਚੋਣ ਨਹੀਂ, ਸਗੋਂ ਇੱਕ ਧਰਮ ਯੁੱਧ ਹੈ। ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਲੀ ਵਾਸੀਆਂ ਨੂੰ ਲੋਕਤੰਤਰ ਦੇ ਇਸ ਮਹਾਨ ਤਿਓਹਾਰ ਵਿਚ ਸ਼ਾਮਲ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤਉਲਾ ਖਾਨ ਵਿਰੁੱਧ ਐੱਫ ਆਈ ਆਰ ਦਰਜ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲਸ ਨੇ ਬੁੱਧਵਾਰ ਕਿਹਾ ਕਿ ਉਹ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਪ੍ਰਚਾਰ ਕਰ ਰਹੇ ਸਨ। ਇੱਕ ਵੀਡੀਓ ’ਚ ਉਹ ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਆਪਣੇ ਹਲਕੇ ਓਖਲਾ ਵਿੱਚ ਘੁੰਮਦੇ ਦਿਖਾਈ ਦਿੱਤੇ।