ਪਟਨਾ : ਰਾਹੁਲ ਗਾਂਧੀ ਨੇ ਬੁੱਧਵਾਰ ਕਿਹਾ ਕਿ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਦਲਿਤ ਤੇ ਕਮਜ਼ੋਰ ਵਰਗ ਭਾਰਤ ਦੇ ਹਰੇਕ ਅਦਾਰੇ ਵਿੱਚ ਲੀਡਰਸ਼ਿਪ ਅਹੁਦਾ ਸੰਭਾਲਣਗੇ। ਇਸ ਦੌਰਾਨ ਉਨ੍ਹਾ ਨੇ ਦੇਸ਼ਵਿਆਪੀ ਜਾਤੀ ਜਨਗਣਨਾ ਦੀ ਲੋੜ ਨੂੰ ਦੁਹਰਾਇਆ। ਉਨ੍ਹਾ ਇੱਥੇ ਸੁਤੰਤਰਤਾ ਸੈਨਾਨੀ ਜਗਲਾਲ ਚੌਧਰੀ ਦੇ ਜਨਮ ਦਿਨ ਸਮਾਗਮ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰ ਐੱਸ ਐੱਸ ਸੰਵਿਧਾਨ ਦੇ ਵਿਰੁੱਧ ਹਨ, ਕਿਉਂਕਿ ਇਹ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਮੌਜੂਦਾ ਸੱਤਾ ਢਾਂਚੇ ਤੇ ਸੰਸਥਾਵਾਂ ’ਚ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਕੋਈ ਭਾਗੀਦਾਰੀ ਨਹੀਂ ਹੈ। ਦਲਿਤਾਂ, ਘੱਟਗਿਣਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹੀ ਗਿਣਤੀ ਦੀ ਪਛਾਣ ਕਰਨ ਲਈ ਪੂਰੇ ਭਾਰਤ ਵਿੱਚ ਜਾਤੀ ਜਨਗਣਨਾ ਦੀ ਲੋੜ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਪਟਨਾ ਪਹੁੰਚੇ ਰਾਹੁਲ ਨੇ ਜ਼ੋਰ ਦੇ ਕੇ ਕਿਹਾਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਦਲਿਤ ਅਤੇ ਕਮਜ਼ੋਰ ਵਰਗ ਦੇਸ਼ ਦੇ ਹਰ ਅਦਾਰੇ ਵਿੱਚ ਲੀਡਰਸ਼ਿਪ ਦੇ ਅਹੁਦੇ ’ਤੇ ਹੋਣਗੇ ਅਤੇ ਮੈਂ ਦੱਬੇ-ਕੁਚਲੇ ਲੋਕਾਂ ਦੇ ਕਾਜ਼ ਲਈ ਆਪਣੀ ਲੜਾਈ ਜਾਰੀ ਰੱਖਾਂਗਾ।