ਅਮਰੀਕੀ ਸੁਫ਼ਨੇ ਚਕਨਾਚੂਰ

0
30

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)
ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਪੁੱਜਾ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਬੁੱਧਵਾਰ ਬਾਅਦ ਦੁਪਹਿਰ 1:55 ਵਜੇ ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ। ਜਹਾਜ਼ ਵਿਚ ਕੁੱਲ 205 ਭਾਰਤੀ ਸਵਾਰ ਆਏ ਹਨ।
ਇਨ੍ਹਾਂ ਵਿੱਚੋਂ 104 ਜਣਿਆਂ ਨੂੰ ਅੰਮਿ੍ਰਤਸਰ ਉਤਾਰਿਆ ਗਿਆ। ਇਨ੍ਹਾਂ ਵਿੱਚ 30 ਪੰਜਾਬ, 33 ਹਰਿਆਣਾ, 33 ਗੁਜਰਾਤ, 2 ਯੂ ਪੀ, 3 ਮਹਾਰਾਸ਼ਟਰ ਤੇ 2 ਚੰਡੀਗੜ੍ਹ ਨਾਲ ਸੰਬੰਧਤ ਹਨ। ਇਨ੍ਹਾਂ ਸਾਰਿਆਂ ਨੂੰ ਮੰਗਲਵਾਰ ਟੈਕਸਾਸ ਦੇ ਸਾਨ ਐਨਟੋਨੀਓ ਤੋਂ ਸੀ-17 ਜਹਾਜ਼ ਰਾਹੀਂ ਭਾਰਤ ਡਿਪੋਰਟ ਕੀਤਾ ਗਿਆ ਸੀ।
ਅੰਮਿ੍ਰਤਸਰ ਵਿੱਚ ਉਤਾਰੇ ਗਏ 104 ਭਾਰਤੀਆਂ ਦੇ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਪੰਜਾਬ ਨਾਲ ਸੰਬੰਧਤ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਭੇਜਣ ਲਈ ਸੰਬੰਧਤ ਜ਼ਿਲ੍ਹਿਆਂ ਤੋਂ ਵਾਹਨਾਂ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ।
ਡਿਪੋਰਟ ਕੀਤੇ 30 ਪੰਜਾਬੀਆਂ ’ਚ 5 ਅੰਮਿ੍ਰਤਸਰ, 6 ਕਪੂਰਥਲਾ, 4-4 ਜਲੰਧਰ ਤੇ ਪਟਿਆਲਾ, 2-2 ਹੁਸ਼ਿਆਰਪੁਰ, ਲੁਧਿਆਣਾ ਤੇ ਨਵਾਂਸ਼ਹਿਰ, ਇੱਕ-ਇੱਕ ਗੁਰਦਾਸਪੁਰ, ਤਰਨ ਤਾਰਨ, ਸੰਗਰੂਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਹਨ।
ਕਪੂਰਥਲਾ ਦੇ ਵਿਕਰਮਜੀਤ, ਗੁਰਪ੍ਰੀਤ, ਅਮਨ, ਹਰਪ੍ਰੀਤ, ਪ੍ਰਭਜੋਤ ਤੇ ਲਵਪ੍ਰੀਤ, ਅੰਮਿ੍ਰਤਸਰ ਦੇ ਅਜੈਦੀਪ, ਦਲੇਰ, ਸੁਖਜੀਤ, ਅਰਸ਼ਦੀਪ ਤੇ ਅਕਾਸ਼ਦੀਪ, ਜਲੰਧਰ ਦੇ ਪਲਵੀਰ, ਸੁਖਦੀਪ, ਦਵਿੰਦਰਜੀਤ ਤੇ ਜਸਕਰਨ, ਪਟਿਆਲਾ ਦੇ ਰਮਨਦੀਪ, ਰਾਜ, ਅੰਮਿ੍ਰਤ ਤੇ ਨਵਜੋਤ, ਹੁਸ਼ਿਆਰਪੁਰ ਦੇ ਹਰਵਿੰਦਰ ਸਿੰਘ ਤੇ ਸੁਖਪਾਲ ਸਿੰਘ, ਲੁਧਿਆਣਾ ਦੇ ਰਕਿੰਦਰ ਅਤੇ ਮੁਸਕਾਨ, ਨਵਾਂਸ਼ਹਿਰ ਦੇ ਮਨਪ੍ਰੀਤ ਤੇ ਸਵੀਨ, ਤਰਨ ਤਾਰਨ ਦਾ ਮਨਦੀਪ, ਗੁਰਦਾਸਪੁਰ ਦਾ ਜਸਪਾਲ, ਸੰਗਰੂਰ ਦਾ ਇੰਦਰਜੀਤ, ਮੁਹਾਲੀ ਦਾ ਪਰਦੀਪ ਤੇ ਫਤਿਹਗੜ੍ਹ ਸਾਹਿਬ ਦਾ ਜਸਵਿੰਦਰ ਹਨ। ਪਰਤੇ ਲੋਕਾਂ ਵਿੱਚ 25 ਔਰਤਾਂ ਤੇ 12 ਨਾਬਾਲਗ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਯਾਤਰੀ ਸਿਰਫ਼ ਚਾਰ ਸਾਲ ਦਾ ਹੈ। 48 ਜਣੇ 25 ਸਾਲ ਤੋਂ ਘੱਟ ਉਮਰ ਦੇ ਹਨ। ਜਹਾਜ਼ ਵਿੱਚ 11 ਚਾਲਕ ਦਲ ਦੇ ਮੈਂਬਰ ਅਤੇ 45 ਅਮਰੀਕੀ ਅਧਿਕਾਰੀ ਵੀ ਸਵਾਰ ਸਨ।
ਅੰਮਿ੍ਰਤਸਰ ਵਿਚ ਜਹਾਜ਼ ਨੂੰ ਉਤਰਨ ਦੇ ਕਾਰਨ ਬਾਰੇ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਜ਼ਿਆਦਾ ਹਨ। ਇਸ ਤੋਂ ਇਲਾਵਾ ਦਿੱਲੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਟਰੈਫਿਕ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ ਦਿੱਲੀ ਵਿੱਚ ਚੋਣ ਵੀ ਹੈ, ਜਿਸ ਕਰਕੇ ਅੰਮਿ੍ਰਤਸਰ ਦੇ ਹਵਾਈ ਅੱਡੇ ਦੀ ਚੋਣ ਕੀਤੀ ਗਈ।
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਫੈਸਲੇ ’ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ੍ਹਾ ਅਮਰੀਕੀ ਅਰਥ ਵਿਵਸਥਾ ਵਿੱਚ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਬਜਾਏ ਸਥਾਈ ਨਿਵਾਸ ਦਿੱਤਾ ਜਾਣਾ ਚਾਹੀਦਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਹਫ਼ਤੇ ਵਾਸ਼ਿੰਗਟਨ ਫੇਰੀ ਤੋਂ ਪਹਿਲਾਂ ਅਮਰੀਕਾ ਵੱਲੋੋਂ ਡਿਪੋਰਟ ਕੀਤਾ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਇਹ ਪਹਿਲਾ ਬੈਚ ਹੈ। ਚੇਤੇ ਰਹੇ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਨਵੀਂ ਦਿੱਲੀ ਅਮਰੀਕਾ ਸਣੇ ਹੋਰਨਾਂ ਮੁਲਕਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਵਿਚਾਰ ਦੀ ਵਕਾਲਤ ਕਰਦਾ ਹੈ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ 7.25 ਲੱਖ ਗੈਰਕਾਨੂੰਨੀ ਭਾਰਤੀ ਪ੍ਰਵਾਸੀ ਰਹਿ ਰਹੇ ਹਨ। ਅਮਰੀਕਾ ਵਿੱਚ ਜਿਨ੍ਹਾਂ ਭਾਰਤੀਆਂ ਦੇ ਸਿਰ ’ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਵਿੱਚੋਂ ਬਹੁਤੇ ‘ਡੰਕੀ ਰੂਟ’ ਰਾਹੀਂ ਜਾਂ ਗੈਰਕਾਨੂੰਨੀ ਤਰੀਕੇ ਨਾਲ ਲੱਖਾਂ ਰੁਪਏ ਖਰਚ ਕੇ ਅਮਰੀਕਾ ਦਾਖ਼ਲ ਹੋਏ ਸਨ।
ਵਾਸ਼ਿੰਗਟਨ ਦੀ ਰਿਪੋਰਟ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਦਾ ਵਿਰੋਧ ਕਰਨ ਲਈ ਆਨਲਾਈਨ ਅੰਦੋਲਨ ਸ਼ੁਰੂ ਹੋ ਰਿਹਾ ਹੈ, ਜਿਸ ਤਹਿਤ ਬੁੱਧਵਾਰ ਪੂਰੇ ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ 50 ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਸੀ। ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਰਾਜਧਾਨੀਆਂ ਵਿੱਚ ਕੀਤੇ ਜਾਣੇ ਸਨ। ਅੰਦੋਲਨ ਦੀਆਂ ਸੋਸ਼ਲ ਮੀਡੀਆ ’ਤੇ ਵੈੱਬਸਾਈਟਾਂ ’ਚ ‘ਫਾਸ਼ੀਵਾਦ ਨੂੰ ਰੱਦ ਕਰੋ’ ਅਤੇ ‘ਸਾਡੇ ਲੋਕਤੰਤਰ ਦੀ ਰੱਖਿਆ’ ਵਰਗੇ ਸੰਦੇਸ਼ ਚਲਾਏ ਗਏ ਹਨ। ਮਿਸ਼ੀਗਨ ’ਚ ਇਹ ਪੋਸਟਰ ਲਾਏ ਗਏ ‘ਕੋਈ ਦੇਸ਼ ਨਿਕਾਲਾ ਨਹੀਂ!’ ਅਤੇ ‘ਵਰਕਰਜ਼ ਇੱਕਜੁੱਟ ਹੋਵੋ! ਟਰੰਪ ਨੇ ਆਪਣੇ ਨਵੇਂ ਕਾਰਜਕਾਲ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਵਪਾਰ ਅਤੇ ਇਮੀਗ੍ਰੇਸ਼ਨ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ ਹਰ ਚੀਜ਼ ’ਤੇ ਕਾਰਜਕਾਰੀ ਹੁਕਮਾਂ ਦੀ ਇੱਕ ਲੜੀ ’ਤੇ ਦਸਤਖਤ ਕੀਤੇ ਹਨ। ਜਿਵੇਂ-ਜਿਵੇਂ ਡੈਮੋਕਰੇਟਸ ਨੇ ਟਰੰਪ ਦੇ ਏਜੰਡੇ ਦੇ ਵਿਰੋਧ ਵਿੱਚ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ, ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ। ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਦੱਖਣੀ ਕੈਲੀਫੋਰਨੀਆ ਵਿੱਚ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਲਈ ਟਰੰਪ ਦੀ ਯੋਜਨਾ ਦੇ ਵਿਰੁੱਧ ਮਾਰਚ ਕੀਤਾ, ਜਿਸ ਵਿੱਚ ਡਾਊਨਟਾਊਨ ਲਾਸ ਏਂਜਲਸ ਵੀ ਸ਼ਾਮਲ ਹੈ।