ਫਗਵਾੜਾ : ਮੁਕੰਦਪੁਰ ਰੋਡ ’ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿੱਚ ਬੁੱਧਵਾਰ ਸਕੂਟਰ ਸਵਾਰ 7 ਸਾਲਾ ਬੱਚੀ ਦੀ ਪਤੰਗ ਦੀ ਡੋਰ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਹਰਲੀਨ ਆਪਣੇ ਦਾਦੇ ਨਾਲ ਸਕੂਟਰ ’ਤੇ ਜਾ ਰਹੀ ਸੀ ਅਤੇ ਇਸ ਦੌਰਾਨ ਉਹ ਸੀਟ ਦੇ ਅੱਗੇ ਖੜ੍ਹੀ ਸੀ। ਜਦੋਂ ਉਹ ਅਚਾਨਕ ਰੋਣ ਲੱਗੀ ਤਾਂ ਦਾਦੇ ਨੇ ਦੇਖਿਆ ਕਿ ਡੋਰ ਕਾਰਨ ਉਸ ਦੇ ਗਲੇ ’ਤੇ ਕੱਟ ਲੱਗ ਗਿਆ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਰਲੀਨ ਦੀ ਮੌਤ ਹੋ ਗਈ।
ਧੀ ਵੱਲੋਂ ਮਾਂ ਕਤਲ!
ਹਿਸਾਰ : ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਪੇਂਟਵਾਸ ਵਿੱਚ ਇੱਕ ਮੁਟਿਆਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਮਿ੍ਰਤਕਾ ਦੀ ਪਛਾਣ ਊਸ਼ਾ ਦੇਵੀ (45) ਵਜੋਂ ਹੋਈ ਹੈ, ਜੋ ਕਿ ਆਪਣੀ ਧੀ ਨਿੱਕੂ (22) ਨਾਲ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲਈ ਖੇਤ ਗਈ ਸੀ। ਊਸ਼ਾ ਦੇ ਪਤੀ ਸੁਨੀਲ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਨਿੱਕੂ ਨੇ ਊਸ਼ਾ ਦੇਵੀ ’ਤੇ ਕੁਹਾੜੀ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਿੱਕੂ ਨੇ ਮਾਂ ਨੂੰ ਆਪਣੇ ਨਾਲ ਖੇਤ ਜਾਣ ਲਈ ਕਿਹਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਦੀ ਹੈ ਅਤੇ ਵੀਰਵਾਰ ਸਵੇਰੇ ਲਾਸ਼ ਬਰਾਮਦ ਕਰ ਲਈ ਗਈ। ਕੇਸ ਦਰਜ ਕਰਕੇ ਨਿੱਕੂ ਦੀ ਭਾਲ ਜਾਰੀ ਹੈ।
ਟਰੱਕ ਨਾ ਰੋਕਣ ’ਤੇ ਗੋਲੀਬਾਰੀ ’ਚ ਡਰਾਈਵਰ ਮਾਰਿਆ ਗਿਆ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੀ ਇਕ ਚੈੱਕਪੋਸਟ ’ਤੇ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਕਥਿਤ ਤੌਰ ’ਤੇ ਟਰੱਕ ਨਾ ਰੋਕਣ ’ਤੇ ਡਰਾਈਵਰ ਦੀ ਫੌਜ ਦੀ ਗੋਲੀਬਾਰੀ ’ਚ ਮੌਤ ਹੋ ਗਈ। ਇਲਾਕੇ ’ਚ ਦਹਿਸ਼ਤਗਰਦਾਂ ਦੀ ਆਵਾਜਾਈ ਬਾਰੇ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਸੰਗਰਾਮਾ ਚੌਕ ’ਤੇ ਚੌਕੀ ਸਥਾਪਤ ਕੀਤੀ ਗਈ ਸੀ। ਡਰਾਈਵਰ ਨੇ ਟਰੱਕ ਨਹੀਂ ਰੋਕਿਆ। ਫੌਜੀਆਂ ਵੱਲੋਂ 23 ਕਿੱਲੋਮੀਟਰ ਤੱਕ ਟਰੱਕ ਦਾ ਪਿੱਛਾ ਕਰਦੇ ਹੋਏ ਟਾਇਰਾਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਟਰੱਕ ਨੂੰ ਸੰਗਰਾਮਾ ਚੌਕ ’ਤੇ ਰੁਕਣਾ ਪਿਆ। ਜ਼ਖਮੀ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।