ਪ੍ਰਵਾਸੀ ਭਾਰਤੀਆਂ ਦੀ ਬੇਆਬਰੂ-ਭਰੀ ਵਤਨ ਵਾਪਸੀ ਖ਼ਿਲਾਫ਼ ਆਵਾਜ਼ ਉਠਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਪੀਲ

0
38


ਜਲੰਧਰ : ਅਮਰੀਕਾ ਵੱਲੋਂ ਆਪਣੇ ਫੌਜੀ ਮਾਲਵਾਹਕ ਜਹਾਜ਼ ਰਾਹੀਂ ਬੇੜੀਆਂ ਅਤੇ ਹੱਥਕੜੀਆਂ ਵਿੱਚ ਜਕੜੇ ਪ੍ਰਵਾਸੀ ਭਾਰਤੀਆਂ ਨੂੰ ਅੰਮਿ੍ਰਤਸਰ ਹਵਾਈ ਅੱਡੇ ’ਤੇ ਮੀਡੀਆ ਅਤੇ ਲੋਕ ਨਜ਼ਰਾਂ ਤੋਂ ਛੁਪਾ ਕੇ ਲਿਆਉਣ ਦੀ ਕੀਤੀ ਕਾਰਵਾਈ ਅਤੇ ਮੋਦੀ ਹਕੂਮਤ ਵੱਲੋਂ ਇਸ ਨੂੰ ਦਿੱਤੀ ਹਰੀ ਝੰਡੀ ਨੂੰ ਭਾਰਤ ਵਾਸੀਆਂ ਦੇ ਕੌਮੀ ਸਵੈਮਾਣ ਅਤੇ ਆਜ਼ਾਦੀ ਸੰਗਰਾਮ ਦੁਆਰਾ ਸਿਰਜੇ ਗੌਰਵਸ਼ਾਲੀ ਇਤਿਹਾਸ ਦਾ ਨਿਰਾਦਰ ਕਰਾਰ ਦਿੰਦੇ ਹੋਏ ਵੀਰਵਾਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਦੇਸ਼ ਭਗਤ, ਕੌਮੀ ਜਮਹੂਰੀ ਅਤੇ ਲੋਕ-ਪੱਖੀ ਸੰਸਥਾਵਾਂ ਨੂੰ ਇਸ ਦਾ ਗੰਭੀਰ ਨੋਟਿਸ ਲੈਣ ਅਤੇ ਇਸ ਮਿਲੀਭੁਗਤ ਵਾਲੀ ਕਾਰਵਾਈ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇਹ ਗੱਲ ਜੱਗ ਜ਼ਾਹਰ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਹਕੂਮਤ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਦੇ ਹੋਏ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਅਤੇ ਪ੍ਰਧਾਨ ਮੰਤਰੀ ਮੰਤਰਾਲੇ ਨੇ ਜਿਵੇਂ ਇਸ ਅਮਰੀਕੀ ਕਾਰਵਾਈ ਨੂੰ ਹੁੱਬ ਕੇ ਰਜ਼ਾਮੰਦੀ ਦਿੱਤੀ, ਇਸ ਨਾਲ ਭਾਰਤੀ ਪ੍ਰਵਾਸੀਆਂ ਦੇ ਮਾਣ-ਸਨਮਾਨ ਦੀ ਹੀ ਤੌਹੀਨ ਨਹੀਂ ਕੀਤੀ, ਸਗੋਂ ਪੂਰੇ ਦੇਸ਼ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ।ਕਮੇਟੀ ਨੇ ਕੋਲੰਬੀਆ ਦੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਨੇ ਅਮਰੀਕੀ ਫੌਜ ਦੇ ਮਾਲਵਾਹਕ ਜਹਾਜ਼ ਰਾਹੀਂ ਕੋਲੰਬੀਆ ਵਾਸੀਆਂ ਦੀ ਵਾਪਸੀ ਦੇ ਫੈਸਲੇ ਨੂੰ ਨਾ-ਮਨਜ਼ੂਰ ਕਰਦਿਆਂ ਰੋਟੀ-ਰੋਜ਼ੀ ਦੀ ਭਾਲ ’ਚ ਗਏ ਅਤੇ ਝਾਂਸੇ ਵਿੱਚ ਆ ਕੇ ਸ਼ਿਕਾਰ ਬਣੇ ਪੀੜਤ ਨਾਗਰਿਕਾਂ ਨੂੰ ਆਪਣੇ ਜਹਾਜ਼ਾਂ ਰਾਹੀਂ ਮਾਣ-ਸਨਮਾਨ ਨਾਲ ਆਪਣੇ ਵਤਨ ਲਿਆਉਣ ਦੇ ਕਦਮ ਚੁੱਕੇ, ਅਜਿਹਾ ਭਾਰਤ ਸਰਕਾਰ ਨੇ ਕਿਉ ਨਹੀਂ ਕੀਤਾ?
ਕਮੇਟੀ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਦੱਸੇ ਗਏ ਭਾਰਤੀਆਂ ’ਚ ਪ੍ਰਧਾਨ ਮੰਤਰੀ ਦੇ ਸੂਬਾ ਗੁਜਰਾਤ ਦੇ ਪਰਵਾਰ ਵੀ ਸ਼ਾਮਲ ਹਨ, ਜਿਸ ਨੂੰ ਵਿਕਾਸ ਮਾਡਲ ਵਜੋਂ ਪੇਸ਼ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ ਅਤੇ ਬਹੁ-ਕੌਮੀ ਕੰਪਨੀਆਂ ਜਿਨ੍ਹਾਂ ਦੀ ਆਮ ਕਰਕੇ ਚੌਧਰ ਅਮਰੀਕੀ ਹਕੂਮਤ ਕਰਦੀ ਹੈ, ਇੱਕ ਬੰਨੇ ਸਾਡੇ ਮੁਲਕ ਦੇ ਕੁਦਰਤੀ ਕੌਮੀ ਮਾਲ-ਖਜ਼ਾਨੇ, ਜੰਗਲ, ਜਲ, ਜ਼ਮੀਨ ਹੜੱਪ ਕਰ ਰਹੀਆਂ ਹਨ, ਦੂਜੇ ਬੰਨੇ ਆਪਣੇ ਮੱਕੜ ਜਾਲ ’ਚ ਨੌਜਵਾਨਾਂ ਨੂੰ ਫਸਾ ਕੇ ਲੱਖਾਂ ਰੁਪਏ ਹੜੱਪ ਕੇ ਉਹਨਾਂ ਨੂੰ ਪਰਵਾਰਾਂ ਸਮੇਤ ਬਰਬਾਦੀ ਦੇ ਜਬਾੜ੍ਹਿਆਂ ਵਿੱਚ ਧੱਕ ਰਹੀਆਂ ਹਨ। ਇਹ ਸਿਲਸਿਲਾ ਬੇਰੋਕ ਚੱਲਦਾ ਰੱਖਣ ਲਈ ਲੋਕਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਜ਼ਾਦੀ ਸੰਗਰਾਮ ਦੀ ਵਿਲੱਖਣ ਇਨਕਲਾਬੀ ਗ਼ਦਰ ਲਹਿਰ ਅਤੇ ਉਸ ਦੇ ਕਾਮਾਗਾਟਾ ਮਾਰੂ ਜਹਾਜ਼ ਦੇ ਅਧਿਆਏ ਨੂੰ ਮਨੀਂ ਵਸਾਉਦੇ ਹੋਏ ਆਪਣੇ ਪੁਰਖਿਆਂ ਦੁਆਰਾ ਅਥਾਹ ਕੁਰਬਾਨੀਆਂ ਕਰਕੇ ਸਿਰਜੇ ਇਤਿਹਾਸ ਨੂੰ ਬੇਆਬਰੂ ਕਰ ਰਹੇ ਅਮਰੀਕੀ ਅਤੇ ਭਾਰਤੀ ਹੁਕਮਰਾਨਾਂ ਦੇ ਅਜਿਹੇ ਫੈਸਲਿਆਂ ਖਿਲਾਫ਼ ਆਵਾਜ਼ ਉਠਾਉਣ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਡਿਪੋਰਟ ਕੀਤੇ ਨੌਜਵਾਨਾਂ, ਔਰਤਾਂ, ਬੱਚਿਆਂ ਦੇ ਪੀੜਤ ਪਰਵਾਰਾਂ ਨਾਲ ਗਹਿਰੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਉਹਨਾਂ ਨੂੰ ਉਚੇਚੇ ਤੌਰ ’ਤੇ ਅਪੀਲ ਕੀਤੀ ਹੈ ਕਿ ਉਹ ਗ਼ਮ ਵਿੱਚ ਡੁੱਬਣ ਜਾਂ ਨਮੋਸ਼ੀ ਹੰਢਾਉਣ ਦੀ ਬਜਾਏ ਇਸ ਸਾਰੇ ਖੇਲ ਨੂੰ ਸਮਝਣ ਲਈ ਸੋਚ-ਵਿਚਾਰ ਕਰਨ ਕਿ ਸਾਨੂੰ ਅੱਜ ਵੀ ਰੋਜ਼ੀ-ਰੋਟੀ ਲਈ ਕਿਉ ਪਰਦੇਸਾਂ ’ਚ ਧੱਕੇ ਖਾਣੇ ਪਏ ਅਤੇ ਜੇ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਹੁੰਦਾ ਤਾਂ ਸਾਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ। ਇਸ ਲਈ ਅਜੋਕਾ ਵਕਤ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ।ਕਮੇਟੀ ਦਾ ਕਹਿਣਾ ਹੈ ਕਿ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਬੋਲਣਾ ਜ਼ਰੂਰੀ ਹੈ, ਨਹੀਂ ਤਾਂ ਭਵਿੱਖ਼ ਵਿੱਚ ਇਹ ਦਰਦ ਕਹਾਣੀ ਹੋਰ ਵੀ ਗਹਿਰੇ ਜ਼ਖ਼ਮ ਦੇਵੇਗੀ।