ਤਰਨ ਤਾਰਨ : ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੇ ਫਰੰਟ ਨੇ ਸੱਦਾ ਦਿੱਤਾ ਹੈ ਕਿ ਮੋਦੀ ਸਰਕਾਰ ਦੀ ਮਹਿੰਗਾਈ, ਬੇਰੁਜ਼ਗਾਰੀ, ਫਿਰਕਾਪ੍ਰਸਤੀ ਤੇ ਬਲਡੋਜ਼ਰ ਨੀਤੀ ਵਿਰੁੱਧ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤੇ ਜਾਣ | ਇਸ ਦੇ ਮੱਦੇਨਜ਼ਰ ਸੀ ਪੀ ਆਈ, ਸੀ ਪੀ ਆਈ ਐੱਮ ਅਤੇ ਆਰ ਐੱਮ ਪੀ ਆਈ ਦੇ ਆਗੂਆਂ ਨੇ ਫੋਨ ਰਾਹੀਂ ਵਿਚਾਰ-ਵਟਾਂਦਰਾ ਕਰ ਕੇ ਬਿਆਨ ਜਾਰੀ ਕੀਤਾ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਸਰਬ-ਸਾਂਝੇ ਪ੍ਰੋਗਰਾਮ ਦੇ ਆਧਾਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ | ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਦਵਿੰਦਰ ਸੋਹਲ, ਸੀ ਪੀ ਐੱਮ ਦੇ ਸੂਬਾਈ ਆਗੂ ਮੇਜਰ ਸਿੰਘ ਦਰਾਜਕੇ, ਬਚਿੱਤਰ ਸਿੰਘ ਜਿਉਣੇਕੇ ਅਤੇ ਆਰ ਐੱਮ ਪੀ ਆਈ ਦੇ ਬਲਦੇਵ ਸਿੰਘ ਪੰਡੋਰੀ ਤੇ ਮੁਖਤਾਰ ਸਿੰਘ ਮੱਲ੍ਹਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਾਂ ਦਾ ਧਿਆਨ ਮਹਿੰਗਾਈ ਵਾਲੇ ਪਾਸੇ ਤੋਂ ਹਟਾ ਕੇ ਜਾਤ-ਪਾਤ ਦੇ ਵਖਰੇਵੇਂ ਵਾਲੇ ਪਾਸੇ ਲਾ ਰਹੀ ਹੈ | ਹਿੰਦੁਸਤਾਨ ਵਿੱਚ ਅੱਜ ਇਹ ਹਾਲਾਤ ਹਨ ਕਿ ਮੋਦੀ ਸਰਕਾਰ ਅਤੇ ਆਰ ਐੱਸ ਐੱਸ ਵਰਗੀਆਂ ਫ਼ਿਰਕੂ ਜਥੇਬੰਦੀਆਂ ਤੋਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨ ਭਾਈਚਾਰੇ ਨੂੰ ਬਹੁਤ ਖਤਰਾ ਹੈ |
ਉਨ੍ਹਾਂ ‘ਤੇ ਲਗਾਤਾਰ ਜ਼ੁਲਮ ਢਾਹਿਆ ਜਾ ਰਿਹਾ ਹੈ | ਇਸ ਪ੍ਰਸਥਿਤੀ ਵਿਚ ਖੱਬੀਆਂ ਪਾਰਟੀਆਂ ਦਾ ਫੈਸਲਾ ਬਹੁਤ ਅਹਿਮ ਹੈ | ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਸੱਦਾ ਦਿੱਤਾ ਕਿ ਮੋਦੀ ਸਰਕਾਰ ਦੀ ਫਿਰਕੂ ਨੀਤੀ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਚੌਕ-ਚੁਰਾਹਿਆਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਜਾਣ | ਉਕਤ ਪਾਰਟੀਆਂ ਵੱਲੋਂ 25 ਮਈ ਨੂੰ ਝਬਾਲ, 26 ਨੂੰ ਖਡੂਰ ਸਾਹਿਬ, 27 ਨੂੰ ਤਰਨ ਤਾਰਨ, 28 ਨੂੰ ਚੋਹਲਾ ਸਾਹਿਬ, 29 ਨੂੰ ਹਰੀਕੇ, 30 ਨੂੰ ਭਿੱਖੀਵਿੰਡ ਤੇ 31 ਨੂੰ ਵਲਟੋਹਾ ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ |