ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਫਿਰ ਕੋਈ ਕੌਤਕ ਕਰਨ ਜਾ ਰਹੇ ਹਨ | ਉਨ੍ਹਾ ਜਾਤ ਅਧਾਰਤ ਮਰਦਮਸ਼ੁਮਾਰੀ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਸੱਦਣ ਦਾ ਐਲਾਨ ਕੀਤਾ ਹੈ, ਜਿਹੜੀ 27 ਮਈ ਨੂੰ ਹੋ ਸਕਦੀ ਹੈ | ਇਸ ਐਲਾਨ ਨੂੰ ਆਪੋਜ਼ੀਸ਼ਨ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਦੀ ਮੰਗ ਮੰਨਣਾ ਤੇ ਆਪਣੀ ਇਤਿਹਾਦੀ ਭਾਜਪਾ ਨੂੰ ਇਕ ਤਰ੍ਹਾਂ ਨਾਲ ਝਾੜ ਦੇਣਾ ਸਮਝਿਆ ਜਾ ਰਿਹਾ ਹੈ | ਉਨ੍ਹਾ ਕਿਹਾ ਹੈ ਕਿ ਸਰਬ ਪਾਰਟੀ ਮੀਟਿੰਗ ਵਿਚ ਹਰ ਪਾਰਟੀ ਦੀ ਰਾਇ ਲੈਣ ਤੋਂ ਬਾਅਦ ਇਸ ਬਾਰੇ ਤਜਵੀਜ਼ ਕੈਬਨਿਟ ਮੀਟਿੰਗ ਵਿਚ ਰੱਖੀ ਜਾਵੇਗੀ | ਜਦੋਂ ਨਿਤੀਸ਼ ਕੁਮਾਰ ਇਹ ਐਲਾਨ ਕਰ ਰਹੇ ਸਨ ਤਾਂ ਉਨ੍ਹਾ ਦੇ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਉਨ੍ਹਾ ਦੇ ਕੋਲ ਹੀ ਸਨ, ਪਰ ਉਨ੍ਹਾ ਮੀਡੀਆ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਜਾਤ ਅਧਾਰਤ ਮਰਦਮਸ਼ੁਮਾਰੀ ਲਈ ਸਹਿਮਤ ਹਨ | ਕੇਂਦਰ ਸਰਕਾਰ ਕਹਿੰਦੀ ਆ ਰਹੀ ਹੈ ਕਿ ਜਾਤ ਅਧਾਰਤ ਮਰਦਮਸ਼ੁਮਾਰੀ ਵੰਡਪਾਊ ਕਵਾਇਦ ਹੈ, ਪਰ ਬਿਹਾਰ ਦੀਆਂ ਸਿਆਸੀ ਪਾਰਟੀਆਂ ਦੀ ਦਲੀਲ ਹੈ ਕਿ ਜਾਤਾਂ ਦੀ ਸਹੀ ਬਣਤਰ ਦਾ ਪਤਾ ਲੱਗਣ ਨਾਲ ਬਿਹਤਰ ਨੀਤੀਆਂ ਬਣਾਈਆਂ ਜਾ ਸਕਣਗੀਆਂ | ਪਿਛਲੇ ਸਾਲ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਸਣੇ ਬਿਹਾਰ ਦੇ ਸਿਆਸਤਦਾਨਾਂ ਦਾ ਵਫਦ ਇਸ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਿਆ ਸੀ | ਜਾਤ ਅਧਾਰਤ ਮਰਦਮਸ਼ੁਮਾਰੀ ਇਸ ਤੋਂ ਪਹਿਲਾਂ 1931 ਵਿਚ ਅੰਗਰੇਜ਼ਾਂ ਦੇ ਰਾਜ ਵਿਚ ਹੋਈ ਸੀ, ਜਦੋਂ ਝਾਰਖੰਡ ਤੇ ਓਡੀਸ਼ਾ ਵੀ ਬਿਹਾਰ ਵਿਚ ਹੁੰਦੇ ਸਨ | ਪਿਛਲੀਆਂ ਅਸੰਬਲੀ ਚੋਣਾਂ ਲਾਲੂ ਪ੍ਰਸਾਦ ਦੇ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਜਿੱਤਣ ਤੋਂ ਬਾਅਦ ਨਿਤੀਸ਼ ਨੇ ਅਚਾਨਕ ਨਾਤਾ ਤੋੜ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ, ਪਰ ਇਸ ਵਾਰ ਦੀਆਂ ਅਸੰਬਲੀ ਚੋਣਾਂ ਵਿਚ ਭਾਜਪਾ ਰਾਮ ਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਪਾਸਵਾਨ ਨੂੰ ਅਸਿੱਧੀ ਹੱਲਾਸ਼ੇਰੀ ਦੇ ਕੇ ਨਿਤੀਸ਼ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੂੰ ਥੱਲੇ ਲੁਆ ਕੇ ਖੁਦ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ, ਹਾਲਾਂਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਰੱਖਿਆ | ਨਿਤੀਸ਼ ਕੁਲੀਸ਼ਨ ਸਰਕਾਰ ਤਾਂ ਚਲਾ ਰਹੇ ਹਨ, ਪਰ ਭਾਜਪਾ ਦੇ ਆਗੂਆਂ ਦੀ ‘ਮੁੱਖ ਮੰਤਰੀ ਭਾਜਪਾ ਦਾ ਹੋਵੇ’ ਵਰਗੀ ਬਿਆਨਬਾਜ਼ੀ ਤੋਂ ਅੰਦਰੋ-ਅੰਦਰੀ ਦੁਖੀ ਚਲੇ ਆ ਰਹੇ ਹਨ | ਉਹ ਗਾਹੇ-ਬਗਾਹੇ ਇਸ ਦਾ ਇਸ਼ਾਰਾ ਕਰਦੇ ਰਹਿੰਦੇ ਹਨ | ਈਦ ਦੀ ਦਾਅਵਤ ‘ਤੇ ਉਨ੍ਹਾ ਦਾ ਲਾਲੂ ਦੇ ਘਰ ਜਾਣਾ ਵੀ ਇਕ ਇਸ਼ਾਰਾ ਸੀ | ਹੁਣ ਲੱਗਦਾ ਹੈ ਕਿ ਜਾਤ ਅਧਾਰਤ ਮਰਦਮਸ਼ੁਮਾਰੀ ‘ਤੇ ਸਰਬ ਪਾਰਟੀ ਮੀਟਿੰਗ ਸੱਦ ਕੇ ਉਹ ਕੋਈ ਵੱਡੀ ਸਿਆਸੀ ਉਥਲ-ਪੁਥਲ ਕਰਨ ਜਾ ਰਹੇ ਹਨ | ਉਨ੍ਹਾ ਆਪਣੇ ਵਿਧਾਇਕਾਂ ਨੂੰ ਫਰਮਾਨ ਵੀ ਜਾਰੀ ਕਰ ਦਿੱਤਾ ਹੈ ਕਿ ਅਗਲੇ ਤਿੰਨ ਦਿਨ ਪਟਨਾ ਤੋਂ ਬਾਹਰ ਨਾ ਜਾਣ | ਖੁਦ ਮੰਗਲਵਾਰ ਰਾਜਗੀਰ ਜਾ ਰਹੇ ਹਨ | ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਨਿਤੀਸ਼ ਰਾਜਗੀਰ ਜਾਂਦੇ ਹਨ, ਸਿਆਸੀ ਭੁਚਾਲ ਲਿਆਉਂਦੇ ਹਨ | 2017 ਵਿਚ ਲਾਲੂ ਨਾਲ ਗੱਠਜੋੜ ਤੋੜਨ ਤੋਂ ਪਹਿਲਾਂ ਵੀ ਕੁਝ ਦਿਨਾਂ ਲਈ ਰਾਜਗੀਰ ਚਲੇ ਗਏ ਸਨ |