ਰੂਪਨਗਰ : ਸੀ ਪੀ ਆਈ ਸੂਬਾ ਕੌਂਸਲ ਦੇ ਸਾਬਕਾ ਮੈਂਬਰ ਸੂਬੇਦਾਰ ਪ੍ਰੀਤਮ ਸਿੰਘ (86) ਜਿਹਨਾ ਦਾ ਸੋਮਵਾਰ ਦਿਹਾਂਤ ਹੋ ਗਿਆ ਸੀ | ਉਨ੍ਹਾ ਨੂੰ ਕੁਦਰਤਵਾਦੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ | ਉਨ੍ਹਾ ਦਾ ਅੰਤਮ ਸੰਸਕਾਰ ਪਿੰਡ ਭਰਤਗੜ੍ਹ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ | ਬੇਸ਼ੱਕ ਉਨ੍ਹਾ ਦਾ ਪਿਛੋਕੜ ਮੋਗਾ ਜ਼ਿਲ੍ਹੇ ਨਾਲ ਸੀ, ਪਰ ਉਹ ਲੰਮੇ ਸਮੇਂ ਤੋਂ ਭਰਤਗੜ੍ਹ ਵਿਖੇ ਰਹਿ ਰਹੇ ਸਨ | ਉਨ੍ਹਾਂ ਦੇਸ਼ ਲਈ ਦੋ ਜੰਗਾਂ ਵੀ ਲੜੀਆਂ | ਸੇਵਾ-ਮੁਕਤੀ ਤੋਂ ਬਾਅਦ ਉਹ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਏ, ਜੋ ਪਾਰਟੀ ਦੀ ਸੂਬਾ ਕੌਂਸਲ ਦੇ ਲੰਮਾ ਸਮਾਂ ਮੈਂਬਰ ਰਹੇ | ਇਲਾਕੇ ਵਿੱਚ ਉਹ ਇਕ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਸਨ | ਉਹ ਕਿਸਾਨਾਂ ਦੇ ਹਰਮਨ-ਪਿਆਰੇ ਆਗੂ ਸਨ | ਉਨ੍ਹਾ ਕੁਝ ਪੁਸਤਕਾਂ ਵੀ ਲਿਖੀਆਂ | ਉਹ ਆਪਣੇ ਪਿੱਛੇ ਪੁੱਤਰ, ਨੂੰ ਹ,ਪੋਤਾ ਤੇ ਪੋਤੀ ਛੱਡ ਗਏ ਹਨ | ਉਨ੍ਹਾ ਦੀ ਮਿ੍ਤਕ ਦੇਹ ਉੱਤੇ ਪਾਰਟੀ ਦਾ ਝੰਡਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਨੰਗਲੀ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਢੇਰ, ਸੋਹਣ ਸਿੰਘ ਬੰਗਾ, ਸੁਖਵੀਰ ਸਿੰਘ ਸੁੱਖਾ, ਗੁਰਦੇਵ ਸਿੰਘ ਬਾਗੀ ਨੇ ਪਾਇਆ | ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸੀ ਪੀ ਐੱਮ ਦੇ ਉਮੀਦਵਾਰ ਦੇ ਹੱਕ ਵਿੱਚ ਡਟਵਾਂ ਚੋਣ ਪ੍ਰਚਾਰ ਕਰਦੇ ਰਹੇ | ਉਨ੍ਹਾ ਦੇ ਪੁੱਤਰ ਗੁਰਇਕਬਾਲ ਸਿੰਘ ਨੇ ਚਿਖਾ ਨੂੰ ਅੱਗ ਦਿਖਾਈ | ਉਨ੍ਹਾ ਨਮਿਤ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਹਿਲੀ ਜੂਨ (ਬੁੱਧਵਾਰ) ਨੂੰ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਵਿਖੇ ਹੋਵੇਗਾ |