ਦੇਸ਼ ਭਗਤ ਗ਼ਦਰੀ ਮੇਲਾ ਲਲਤੋਂ ’ਚ ਗੂੰਜਿਆ, ਗਦਰ ਪਾਰਟੀ ਦੇ ਮਹਾਨ ਕਾਜ ਨੂੰ ਪੂਰਾ ਕਰਨ ਲਈ ਹੱਕੀ ਲੋਕ ਲਹਿਰ ਤੇਜ਼ ਕਰਨ ਦਾ ਹੋਕਾ

0
120

ਚੌਕੀਮਾਨ (ਬਲਬੀਰ ਸਿੰਘ ਮਾਨ)
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੁੱਖ ਸਰਪ੍ਰਸਤੀ ਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਦੇ ਉੱਦਮ ਅਤੇ ਗ੍ਰਾਮ ਪੰਚਾਇਤ, ਨੌਜਵਾਨ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਦੇਸ਼ੋਂ ਪਰਤੇ ਵੀਰਾਂ ਦੇ ਸਹਿਯੋਗ ਸਦਕਾ ਮਹਾਨ ਇਨਕਲਾਬੀ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ 48ਵੀਂ ਸਲਾਨਾ ਬਰਸੀ ਮੌਕੇ ਲਲਤੋਂ ਖੁਰਦ ਸਕੂਲ ਦੇ ਖੇਡ ਮੈਦਾਨ ਵਿਖੇ ਵਿਸ਼ਾਲ ਦੇਸ਼ ਭਗਤ ਮੇਲਾ ਲਗਾਇਆ ਗਿਆ।
ਪਹਿਲ ਪਿ੍ਰਥਮੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਤੇ ਪਿੰਡ ਵਾਸੀਆਂ ਨੇ ਬਾਬਾ ਜੀ ਦੀ ਯਾਦਗਾਰ ਉੱਪਰ ਗਦਰ ਪਾਰਟੀ ਦਾ ਝੰਡਾ ਲਹਿਰਾਉਦਿਆਂ ਉਹਨਾ ਦੇ ਸੁੰਦਰ ਬੁੱਤ ਨੂੰ ਹਾਰ ਪਹਿਨਾਉਦਿਆਂ ਗਦਰ ਪਾਰਟੀ ਦੇ ਸ਼ਹੀਦਾਂ ਤੇ ਯੋਧਿਆਂ ਨਮਿਤ ਆਕਾਸ਼ ਗੂੰਜਾਊ ਨਾਅਰੇ ਬੁਲੰਦ ਕੀਤੇ। ਸਮਾਗਮ ਦੀ ਸ਼ੁਰੂਆਤ ਮੌਕੇ ਸਮੂਹ ਹਾਜ਼ਰੀਨ ਨੇ ਖੜੇ ਹੋ ਕੇ ਤੇ ਮੌਨ ਧਾਰ ਕੇ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਨਿੱਘੀ ਤੇ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਸੈਸ਼ਨ ਦੌਰਾਨ ਸ. ਸ. ਸ. ਸਕੂਲ ਲਲਤੋਂ ਕਲਾਂ , ਗਦਰੀ ਬਾਬਾ ਗੁਰਮੁਖ ਸਿੰਘ ਸ. ਮਿ. ਸਕੂਲ ਲਲਤੋਂ ਖੁਰਦ ਤੇ ਸ.ਪ੍ਰਾ. ਸਕੂਲ ਲਲਤੋਂ ਖੁਰਦ ਦੇ ਦਰਜਨ ਤੋਂ ਉੱਪਰ ਬੱਚਿਆਂ ਨੇ ਸਮਾਜਿਕ, ਧਾਰਮਿਕ, ਦੇਸ਼ ਭਗਤੀ ਦੇ ਰੰਗ ਵਾਲੇ ਮਿਆਰੀ ਗੀਤ/ ਕਵਿਤਾਵਾਂ ਪੇਸ਼ ਕਰਕੇ ਨਵਾਂ ਰੰਗ ਬੰਨ੍ਹਿਆ। ਲੈਕਚਰਾਰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਸ ਸ ਸ ਸਕੂਲਾਂ ਲਲਤੋਂ ਕਲਾਂ ਦੀਆਂ ਵਿਦਿਆਰਥਣਾਂ ਨੇ ਗਦਰ ਪਾਰਟੀ ਦੇ ਮਿਸ਼ਨ ’ਤੇ ਅਧਾਰਤ ਕੋਰੀਓਗ੍ਰਾਫੀ ‘ਦੇਸ਼ ਨੂੰ ਚੱਲੋ’ ਪੇਸ਼ ਕਰਕੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ ।ਲੋਕ ਗਾਇਕ ਰਾਮ ਸਿੰਘ ਹਠੂਰ ਨੇ ਕਿਸਾਨਾਂ, ਮਜ਼ਦੂਰਾਂ ਸਮੇਤ ਸਮੁੱਚੇ ਕਿਰਤੀ ਲੋਕਾਂ ਦੀ ਜ਼ਿੰਦਗੀ ਦੇ ਦੁੱਖਾਂ ਦੇ ਜ਼ਿੰਮੇਵਾਰ ਲੁੱਟ ਤੇ ਜਬਰ ’ਤੇ ਅਧਾਰਤ ਮੌਜੂਦਾ ਰਾਜ ਪ੍ਰਬੰਧ ਬਾਰੇ, ਇਸ ਨੂੰ ਬਦਲਣ ਦੀ ਲੋੜ ਨੂੰ ਉਭਾਰਦੇ ਉੱਤਮ ਗੀਤਾਂ ਤੇ ਬੋਲੀਆਂ ਦੀ ਛਹਿਬਰ ਲਾਈ। ਬਾਲ ਲੇਖ ਕਰਮਜੀਤ ਸਿੰਘ ਗਰੇਵਾਲ ਨੇ ਗੀਤਾਂ ਰਾਹੀਂ ਬਾਲਾਂ ਨੂੰ ਝੂਮਣ ਲਾਇਆ।
ਵੱਖ-ਵੱਖ ਬੁਲਾਰਿਆਂ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਰਣਜੀਤ ਸਿੰਘ ਔਲਖ (ਦੋਵੇਂ ਨੁਮਾਇੰਦੇ ਜਲੰਧਰ ਕਮੇਟੀ), ਕੁਲਦੀਪ ਸਿੰਘ ਐਡਵੋਕੇਟ ਤੇ ਉਜਾਗਰ ਸਿੰਘ ਬੱਦੋਵਾਲ (ਦੋਵੇਂ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ), ਮਾਸਟਰ ਜਸਦੇਵ ਸਿੰਘ ਲਲਤੋਂ (ਸਕੱਤਰ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ), ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਰਣਜੀਤ ਸਿੰਘ ਗੁੜੇ (ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ), ਹਰਦੇਵ ਸਿੰਘ ਮੁੱਲਾਂਪੁਰ ਆਦਿ ਨੇ ਗਦਰ ਪਾਰਟੀ ਦੇ ਮਿਸ਼ਨ ਬਾਰੇ, ਕੀਤੀਆਂ ਬੇਮਿਸਾਲ ਕੁਰਬਾਨੀਆਂ ਤੇ ਤਿਆਗ ਬਾਰੇ, ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਮਹਾਨ ਜੀਵਨ ਅਤੇ ਘਾਲਣਾਵਾਂ ਬਾਰੇ, ਅੰਗਰੇਜ਼ ਸਾਮਰਾਜਵਾਦ ਤੇ ਇਸ ਦੀਆਂ ਦਲਾਲ ਜਮਾਤਾਂ ਬਾਰੇ, ਪੰਜਾਬ ਸਮੇਤ ਦੇਸ਼ ਅੰਦਰ ਕਿਸਾਨਾਂ, ਮਜ਼ਦੂਰਾਂ ’ਤੇ ਹੋ ਰਹੇ ਜਬਰ, ਜ਼ੁਲਮ ਅਤੇ ਸਮੁੱਚੇ ਕਿਰਤੀ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ, ਫਿਰਕੂ ਫਾਸ਼ੀ ਤੇ ਤਾਨਾਸ਼ਾਹ ਹਾਕਮ ਜਮਾਤਾਂ ਬਾਰੇ, ਚੱਲ ਰਹੀਆਂ ਹੱਕੀ ਲਹਿਰਾਂ ਬਾਰੇ, ਇਹਨਾਂ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਕੇ ਗਦਰ ਪਾਰਟੀ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਬਾਰੇ ਭਰਵਾਂ ਤੇ ਡੂੰਘਾ ਚਾਨਣਾ ਪਾਇਆ। ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਅਗਵਾਈ ਹੇਠ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਨਾਟਕ ਟੀਮ ਨੇ ਪੰਜਾਬ ਅਤੇ ਦੇਸ਼ ਦੀ ਨੌਜਵਾਨੀ ਨੂੰ ਰੋੜ੍ਹ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ, ਇਸ ਦੀ ਜੜ੍ਹ ਲੋਕ ਮਾਰੂ ਰਾਜ ਪ੍ਰਬੰਧ ਬਾਰੇ, ਪ੍ਰਵਾਸ ਰਾਹੀਂ ਹੋ ਰਹੇ ਉਜਾੜੇ ਬਾਰੇ ਤੇ ਇਸ ਦੇ ਅਸਲੀ ਹੱਲ ਲੋਕ ਲਹਿਰ ਦੀ ਉਸਾਰੀ ਬਾਰੇ ਚਾਨਣਾ ਪਾਉਦਾ ਨਾਟਕ ‘ਪਰਿੰਦੇ ਭਟਕ ਗਏ’ ਪੇਸ਼ ਕਰਕੇ ਸਮੁੱਚੇ ਹਾਜ਼ਰੀਨ ਅੰਦਰ ਨਵੀਂ ਚੇਤਨਾ ਤੇ ਨਵੇਂ ਜੋਸ਼ ਦਾ ਸੰਚਾਰ ਲਾਗੂ ਕਰ ਦਿੱਤਾ।
ਸਮਾਗਮ ਦੇ ਸਿਖਰ ’ਤੇ ਲਲਤੋਂ ਖੁਰਦ ਤੇ ਲਲਤੋਂ ਕਲਾਂ ਦੇ 21 ਨੰਬਰ ਰਸਾਲੇ ਵਾਲੇ ਤੇ ਆਜ਼ਾਦ ਹਿੰਦ ਫੌਜ ਵਾਲੇ ਦੇਸ਼ ਭਗਤਾਂ ਦੇ ਪਰਵਾਰ ਜਨਾਂ ਨੂੰ ਜੁਝਾਰੂ ਕਿਸਾਨ ਲਹਿਰ ਦੇ ਚਿੰਨ੍ਹ ਹਰੇ ਸਿਰੋਪਾਓ ਅਤੇ ਇਨਕਲਾਬੀ ਪੁਸਤਕਾਂ ਦੇ ਸੈੱਟ ਭੇਟ ਕਰਕੇ ਜਸਵੰਤ ਸਿੰਘ, ਮਾਸਟਰ ਭੁਪਿੰਦਰ ਸਿੰਘ, ਗੁਰਚਰਨ ਸਿੰਘ ਥਾਣੇਦਾਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਦੀਪ, ਮੁਖਤਿਆਰ ਸਿੰਘ, ਪ੍ਰੀਤਮ ਸਿੰਘ ਨੂੰ ਉਚੇਚੇ ਤੌਰ ’ਤੇ ਸਨਮਾਨਤ ਕੀਤਾ ਗਿਆ।
ਅੰਤ ’ਚ ਉਜਾਗਰ ਸਿੰਘ ਬੱਦੋਵਾਲ ਨੇ ਸਮੂਹ ਹਾਜ਼ਰੀਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਮਹਾਨ ਗਦਰੀ ਬਾਬਿਆਂ ਦੇ ਮਿਸ਼ਨ ਨੂੰ ਅਪਣਾਉਣ ਤੇ ਲਾਗੂ ਕਰਨ ਦਾ ਸੱਦਾ ਦਿੱਤਾ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ, ਨਗਿੰਦਰ ਸਿੰਘ, ਮਲਕੀਤ ਸਿੰਘ ਬੱਦੋਵਾਲ, ਸਰਪੰਚ ਸਰਬਜੀਤ ਕੌਰ ਲਲਤੋਂ ਖੁਰਦ, ਪੰਚ ਦਿਲਰਾਜ ਸਿੰਘ, ਰਜਿੰਦਰ ਸਿੰਘ ਲਲਤੋਂ ਪੈਨਸ਼ਨਰ ਆਗੂ, ਅਮਰ ਸਿੰਘ ਸਾਬਕਾ ਇੰਸਪੈਕਟਰ, ਜੋਰਾ ਸਿੰਘ ਪ੍ਰਧਾਨ, ਰੂਪ ਸਿੰਘ ਖਜ਼ਾਨਚੀ, ਗੁਰਮੀਤ ਸਿੰਘ ਲਲਤੋਂ ਕਲਾਂ, ਫਾਰਮਜੀਤ ਸਿੰਘ ਪੰਮ, ਜਗਮਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਜੀਤੂ, ਜਗਰਾਜ ਸਿੰਘ ਰਾਜਾ, ਮਨਪ੍ਰੀਤ ਸਿੰਘ, ਜਗਜੀਤ ਸਿੰਘ ਪ੍ਰਧਾਨ, ਨਵਦੀਪ ਸਿੰਘ ਨਵੀ ਪ੍ਰਧਾਨ, ਸੰਤ ਹਰਭਜਨ ਸਿੰਘ ਪ੍ਰਧਾਨ, ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਦੇਵ ਸਰਾਭਾ, ਮਾਸਟਰ ਗੁਰਮੀਤ ਸਿੰਘ ਮੋਹੀ, ਸਿੰਦਰ ਸਿੰਘ ਨੱਥੂਵਾਲਾ, ਮਹਿੰਦਰ ਸਿੰਘ ਮੋਹੀ ਕੈਨੇਡਾ, ਹੁਸ਼ਿਆਰ ਸਿੰਘ ਐਤੀਆਣਾ, ਅਜੀਤ ਸਿੰਘ ਕੁਲਾਰ, ਲੋਕ ਗਾਇਕ ਰਾਮ ਸਿੰਘ ਹਠੂਰ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ।