ਕਾਰਗਿਲ ਯੁੱਧ ਬਾਰੇ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

0
79

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਸਾਬਕਾ ਫੌਜੀ ਅਧਿਕਾਰੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ 1999 ਦੇ ਕਾਰਗਿਲ ਯੁੱਧ ਤੋਂ ਪਹਿਲਾਂ ਪਾਕਿਸਤਾਨੀ ਘੁਸਪੈਠ ਬਾਰੇ ਜਾਣਕਾਰੀ ’ਤੇ ਕਾਰਵਾਈ ਕਰਨ ’ਚ ਫੌਜ ਵੱਲੋਂ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਇਆ ਗਿਆ ਸੀ। ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੈ ਕੁਮਾਰ ਦੀ ਬੈਂਚ ਨੇ ਕਿਹਾਨਿਆਂ ਪਾਲਿਕਾ ਆਮ ਤੌਰ ’ਤੇ ਕੌਮੀ ਰੱਖਿਆ ਦੇ ਮਾਮਲੇ ’ਚ ਦਖ਼ਲ ਨਹੀਂ ਦਿੰਦੀ, 1999 ਦੇ ਯੁੱਧ ਵਿੱਚ ਜੋ ਹੋਇਆ, ਉਹ ਕਾਰਜਕਾਰੀ ਫ਼ੈਸਲੇ ਨਾਲ ਸੰਬੰਧਤ ਅੰਦਰੂਨੀ ਮਾਮਲਾ ਹੈ। ਬੈਂਚ ਪੰਚਕੂਲਾ ਦੇ ਸਾਬਕਾ ਫੌਜੀ ਅਧਿਕਾਰੀ ਮਨੀਸ਼ ਭਟਨਾਗਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਚੀਫ ਜਸਟਿਸ ਨੇ ਕਿਹਾਕੁਝ ਚੀਜ਼ਾਂ ਹਨ, ਜਿੱਥੇ ਨਿਆਂ ਪਾਲਿਕਾ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਇਹ ਗਲਤ ਹੋਵੇਗਾ। ਤੁਸੀਂ ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ਹੁਣ ਮੁੱਦਿਆਂ ਨੂੰ ਉਵੇਂ ਹੀ ਛੱਡ ਦਿਓ।
ਮਹਾਕੁੰਭ ’ਚ ਅੱਗ ਨਾਲ ਕਈ ਟੈਂਟ ਸੜੇ
ਮਹਾਕੁੰਭ ਨਗਰ : ਮਹਾਕੁੰਭ ਨਗਰ ਦੇ ਇੱਕ ਕੈਂਪ ਵਿੱਚ ਸ਼ੁੱਕਰਵਾਰ ਅੱਗ ਲੱਗ ਗਈ। ਖਾਕ ਚੌਕੀ ਦੇ ਇੰਸਪੈਕਟਰ ਯੋਗੇਸ਼ ਚਤੁਰਵੇਦੀ ਨੇ ਦੱਸਿਆ ਕਿ ਪੁਰਾਣੇ ਜੀ ਟੀ ਰੋਡ ’ਤੇ ਤੁਲਸੀ ਚੁਰਾਹੇ ਦੇ ਨੇੜੇ ਇੱਕ ਕੈਂਪ ਵਿੱਚ ਅੱਗ ਲੱਗ ਗਈ। ਹਾਲਾਂਕਿ ਅੱਗ ਬੁਝਾਊ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ। ਚੀਫ਼ ਫਾਇਰ ਅਫ਼ਸਰ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਸੈਕਟਰ-18 ਸਥਿਤ ਇਸਕੋਨ ਕੈਂਪ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਗਈ। ਅੱਗ ਕਾਰਨ 20 ਤੋਂ 22 ਟੈਂਟ ਸੜ ਕੇ ਸੁਆਹ ਹੋ ਗਏ, ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਸੱਜਣ ਦਾ ਫੈਸਲਾ ਟਲਿਆ
ਨਵੀਂ ਦਿੱਲੀ : ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸ਼ੁੱਕਰਵਾਰ ਕੌਮੀ ਰਾਜਧਾਨੀ ਦੇ ਸਰਸਵਤੀ ਵਿਹਾਰ ਖੇਤਰ ਵਿੱਚ ਦੋ ਵਿਅਕਤੀਆਂ ਦੇ ਕਤਲ ਦੇ ਸੰਬੰਧ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲ ਕੇਸ ਵਿੱਚ ਆਪਣਾ ਫੈਸਲਾ 12 ਫਰਵਰੀ ਤੱਕ ਟਾਲ ਦਿੱਤਾ ਹੈ। ਪਹਿਲਾਂ ਫੈਸਲਾ ਸ਼ੁੱਕਰਵਾਰ ਸੁਣਾਉਣਾ ਸੀ।
ਹਾਦਸੇ ’ਚ ਛੇ ਮੌਤਾਂ
ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੀ ਮਹੂ ਤਹਿਸੀਲ ’ਚ ਸਥਿਤ ਮਾਨਪੁਰ ਨੇੜੇ ਸ਼ੁੱਕਰਵਾਰ ਤੜਕੇ ਵਾਪਰੇ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਹਾਦਸੇ ’ਚ ਮੋਟਰਸਾਈਕਲ, ਮਿੰਨੀ ਬੱਸ ਤੇ ਟੈਂਕਰ ਟਕਰਾਏ।
ਰਾਮ ਮੰਦਰ ਦੀ ਪਹਿਲੀ ਇੱਟ ਰੱਖਣ ਵਾਲੇ ਦਾ ਦੇਹਾਂਤ
ਅਯੁੱਧਿਆ : ਇੱਥੇ ਰਾਮ ਲੱਲਾ ਮੰਦਰ ਦੇ ਨਿਰਮਾਣ ਲਈ ਪਹਿਲੀ ਇੱਟ ਰੱਖਣ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦੇ ਨੇਤਾ ਕਾਮੇਸ਼ਵਰ ਚੌਪਾਲ ਦਾ ਬਿਮਾਰ ਹੋਣ ਮਗਰੋਂ ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਪਟਨਾ ਦੇ ਰਹਿਣ ਵਾਲੇ ਚੌਪਾਲ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਆਰ ਐੱਸ ਐੱਸ ਨੇ ਉਨ੍ਹਾ ਨੂੰ ‘ਪਹਿਲੇ ਕਾਰ ਸੇਵਕ’ ਦੀ ਉਪਾਧੀ ਨਾਲ ਸਨਮਾਨਿਆ ਸੀ।