ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਸ਼ੁੱਕਰਵਾਰ ‘ਆਪ’ ਆਗੂਆਂ ਦੇ ਇਨ੍ਹਾਂ ਦੋਸ਼ਾਂ ਦੀ ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ (ਏ ਸੀ ਬੀ) ਰਾਹੀਂ ਜਾਂਚ ਦੇ ਹੁਕਮ ਦਿੱਤੇ ਕਿ ਭਾਜਪਾ ਨੇ ਉਨ੍ਹਾਂ ਦੇ ਉਮੀਦਵਾਰਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਏ ਸੀ ਬੀ ਦੀ ਟੀਮ ਆਪਣੀ ਜਾਂਚ ਨੂੰ ਅੱਗੇ ਵਧਾਉਣ ਲਈ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਈ।
ਟੀਮ ਨੇ ਕੇਜਰੀਵਾਲ ਤੋਂ ਪੁੱਛਗਿੱਛ ਨਹੀਂ ਕੀਤੀ ਅਤੇ ਜਵਾਬ ਦੇਣ ਲਈ ਪੰਜ ਸਵਾਲਾਂ ਦਾ ਨੋਟਿਸ ਦੇ ਕੇ ਪਰਤ ਆਈ। ਪਹਿਲਾ ਸਵਾਲ ਇਹ ਹੈ ਕਿ 15 ਕਰੋੜ ਦੀ ਪੇਸ਼ਕਸ਼ ਦੀ ਪੋਸਟ ਉਨ੍ਹਾ ਪਾਈ ਕਿ ਨਹੀਂ? ਦੂਜਾ ਸਵਾਲ ਹੈ ਕਿ ਜਿਨ੍ਹਾਂ 16 ਵਿਧਾਇਕਾਂ ਨੂੰ ਪੇਸ਼ਕਸ਼ ਕੀਤੀ ਗਈ ਤੇ ਫੋਨ ਕੀਤੇ ਗਏ, ਉਨ੍ਹਾਂ ਦੇ ਨਾਂਅ ਦੱਸੋ। ਤੀਜਾ, ਇਹ ਕਿ ਕਿਸ ਸ਼ਖਸ ਨੇ ਆਪ ਵਿਧਾਇਕਾਂ ਨੂੰ ਰਿਸ਼ਵਤ ਦੇ ਫੋਨ ਕੀਤੇ? ਚੌਥਾ ਸਵਾਲ ਇਹ ਕਿ ਆਪ ਤੇ ਆਪ ਦੇ ਮੈਂਬਰਾਂ ਵੱਲੋਂ ਰਿਸ਼ਵਤ ਬਾਰੇ ਪਾਈਆਂ ਪੋਸਟਾਂ ਦੇ ਹੱਕ ਵਿਚ ਸਬੂਤ ਦਿਓ। ਪੰਜਵਾਂ ਇਹ ਕਿ ਕੇਜਰੀਵਾਲ ਦੱਸਣ ਕਿ ਸੋਸ਼ਲ ਮੀਡੀਆ ’ਤੇ ਅਜਿਹੀ ਜਾਣਕਾਰੀ ਫੈਲਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਿਉ ਨਾ ਕੀਤੀ ਜਾਵੇ, ਜਿਹੜੇ ਦਿੱਲੀ ਦੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਤੁੱਲ ਹੈ।
ਦਿੱਲੀ ਵਿਧਾਨ ਸਭਾ ਦੀ ਚੋਣ ਲਈ 5 ਫਰਵਰੀ ਨੂੰ ਵੋਟਾਂ ਪਈਆਂ ਸਨ ਅਤੇ ਗਿਣਤੀ 8 ਫਰਵਰੀ ਨੂੰ ਹੋਣੀ ਹੈ। ਉਪ ਰਾਜਪਾਲ ਨੇ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਜਾਂਚ ਦਾ ਹੁਕਮ ਦਿੱਤਾ ਹੈ।
ਉਪ ਰਾਜਪਾਲ ਦਫ਼ਤਰ ਨੇ ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾਆਮ ਆਦਮੀ ਪਾਰਟੀ (ਆਪ) ਦੋਸ਼ ਲਗਾ ਰਹੀ ਹੈ ਕਿ ਭਾਜਪਾ ਉਸ ਦੇ ਵਿਧਾਇਕਾਂ ਨੂੰ ਪਾਰਟੀ (ਆਪ) ਛੱਡਣ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਰਿਸ਼ਵਤ ਦੀ ਪੇਸ਼ਕਸ਼ ਕਰ ਰਹੀ ਹੈ। ਸੱਚਾਈ ਦਾ ਪਤਾ ਲਾਉਣ ਲਈ ਇਸ ਮਾਮਲੇ ਦੀ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਰਾਹੀਂ ਪੂਰੀ ਜਾਂਚ ਕੀਤੀ ਜਾਵੇ।
ਮੁੱਖ ਸਕੱਤਰ ਨੂੰ ਇਹ ਨਿਰਦੇਸ਼ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਵਿਸ਼ਨੂੰ ਮਿੱਤਲ ਵੱਲੋਂ ਉਪ ਰਾਜਪਾਲ ਦਫ਼ਤਰ ਨੂੰ ਭੇਜੇ ਇੱਕ ਮੰਗ ਪੱਤਰ ਦੇ ਜਵਾਬ ਵਿੱਚ ਆਇਆ ਹੈ। ਮਿੱਤਲ ਨੇ ਉਪ ਰਾਜਪਾਲ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵੱਲੋਂ ਲਗਾਏ ਗਏ ਦੋਸ਼ ਬਹੁਤ ਗੰਭੀਰ ਹਨ ਅਤੇ ਤੁਰੰਤ ਜਾਂਚ ਦੀ ਮੰਗ ਕਰਦੇ ਹਨ, ਕਿਉਂਕਿ ਉਨ੍ਹਾਂ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ, ਜਿਵੇਂ ਕਿ ਫੋਨ ਕਾਲਾਂ ਜਾਂ ਇਸ ਵਿੱਚ ਸ਼ਾਮਲ ਵਿਅਕਤੀਆਂ ਦੇ ਵੇਰਵੇ।
ਇਸ ਤੋਂ ਪਹਿਲਾਂ ਵੀਰਵਾਰ ਕੇਜਰੀਵਾਲ ਨੇ ਭਾਜਪਾ ’ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ‘ਆਪ’ ਦੇ 16 ਉਮੀਦਵਾਰਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਸੀ। ਉਨ੍ਹਾ ਦੋਸ਼ ਲਗਾਇਆ ਕਿ ‘ਆਪ’ ਉਮੀਦਵਾਰਾਂ ਨੂੰ ਭਾਜਪਾ ਤੋਂ ਪੇਸ਼ਕਸ਼ਾਂ ਮਿਲੀਆਂ, ਜਿਨ੍ਹਾਂ ਵਿੱਚ ਪਾਰਟੀ ਬਦਲਣ ਲਈ ਮੰਤਰੀ ਦੇ ਅਹੁਦੇ ਤੇ 15-15 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ।



