ਖੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫਰ ਕਰਨ ’ਤੇ ਸਟੈਂਪ ਡਿਊਟੀ ’ਚ ਛੋਟ ਚੱਲੀ!

0
94

ਚੰਡੀਗੜ੍ਹ : ਖੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫਰ ਕਰਨ ’ਤੇ 2.5 ਫੀਸਦੀ ਤੱਕ ਦੀ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ। ਸੋਮਵਾਰ ਹੋਣ ਵਾਲੀ ਕੈਬਨਿਟ ਦੀ ਬੈਠਕ ’ਚ ਜੇ ਇਸ ਏਜੰਡੇ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਖੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫਰ ਕਰਨ ’ਤੇ ਛੋਟ ਬੰਦ ਹੋ ਜਾਏਗੀ। ਕਈ ਸਾਲਾਂ ਤੋਂ ਖੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫਰ ਦੀ ਫੀਸ ਨਹੀਂ ਲੱਗਦੀ ਤੇ ਸਿਰਫ ਕੁਝ ਰੁਪਏ ਅਦਾ ਕਰਨੀ ਪੈਂਦੇ ਹਨ। ਜੇ ਕੋਈ ਵਿਅਕਤੀ ਆਪਣੀ ਪ੍ਰਾਪਰਟੀ ਆਪਣੇ ਬੇਟਿਆਂ, ਬੇਟੀਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ ਟਰਾਂਸਫਰ ਕਰੇਗਾ ਤਾਂ ਉਸ ਨੂੰ ਇਕ ਫੀਸਦੀ ਸਟੈਂਪ ਡਿਊਟੀ ਦੇਣੀ ਪੈ ਸਕਦੀ। ਜੇ ਕੋਈ ਭਰਾ, ਪਤਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਪ੍ਰਾਪਰਟੀ ਟਰਾਂਸਫਰ ਕਰੇਗਾ ਤਾਂ ਉਸ ’ਤੇ 2.5 ਫੀਸਦੀ ਸਟੈਂਪ ਡਿਊਟੀ ਲੱਗੇਗੀ। ਪਹਿਲਾਂ ਇਸ ’ਤੇ ਛੋਟ ਸੀ। ਮਈ 2014 ’ਚ ਤੱਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਖੂਨ ਦੇ ਰਿਸ਼ਤਿਆਂ ’ਚ ਪ੍ਰਾਪਰਟੀ ਟਰਾਂਸਫਰ ਕਰਨ ’ਤੇ ਫੀਸ ਮੁਆਫ ਕਰਨ ਦਾ ਫੈਸਲਾ ਕੀਤਾ ਸੀ। ਉਸ ਤੋਂ ਪਹਿਲਾਂ ਇਹ ਪੰਜ ਫੀਸਦੀ ਸੀ ਤੇ ਜੇ ਪ੍ਰਾਪਰਟੀ ਕਿਸੇ ਔਰਤ ਦੇ ਨਾਂਅ ’ਤੇ ਟਰਾਂਸਫਰ ਹੋਣੀ ਹੁੰਦੀ ਸੀ, ਤਾਂ ਉਸ ਨੂੰ ਤਿੰਨ ਫੀਸਦੀ ਸਟੈਂਪ ਡਿਊਟੀ ਦੇਣੀ ਪੈਂਦੀ ਸੀ। ਤੱਤਕਾਲੀ ਸਰਕਾਰ ਨੇ ਇਸ ਨੂੰ ਮੁਆਫ ਕਰ ਦਿੱਤਾ ਸੀ ਤੇ ਭਰਾ ਤੋਂ ਭੈਣ ਨੂੰ ਪ੍ਰਾਪਰਟੀ ਟਰਾਂਸਫਰ ਹੋਣ ’ਤੇ ਵੀ ਇਹ ਸਹੂਲਤ ਦਿੱਤੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਛੋਟ ਦੀ ਦੁਰਵਰਤੋਂ ਵੀ ਹੋ ਰਹੀ ਹੈ। ਜੇ ਕੋਈ ਵਿਅਕਤੀ ਆਪਣੀ 10 ਲੱਖ ਰੁਪਏ ਦੀ ਪ੍ਰਾਪਰਟੀ 20 ਲੱਖ ਰੇਟ ਦੱਸ ਕੇ ਪਤਨੀ ਦੇ ਨਾਂਅ ’ਤੇ ਕਰ ਦਿੰਦਾ ਹੈ ਤਾਂ ਕੋਈ ਫੀਸ ਨਹੀਂ ਲੱਗਦੀ, ਪਰ ਉਹ ਉਹੀ ਰਜਿਸਟਰੀ ਬੈਂਕ ’ਚ ਰੱਖ ਕੇ 20 ਲੱਖ ਦਾ ਕਰਜ਼ਾ ਲੈ ਲੈਂਦਾ ਹੈ। ਜੇ 2.5 ਫੀਸਦੀ ਫੀਸ ਲੱਗੇਗੀ ਤਾਂ ਲੋਕ ਇਸ ਤਰ੍ਹਾਂ ਨਹੀਂ ਕਰਨਗੇ ਤੇ ਜੇ ਕਰਨਗੇ ਤਾਂ ਸਰਕਾਰ ਨੂੰ ਇਸ ਤੋਂ ਫੀਸ ਆ ਜਾਏਗੀ। ਇਸ ਸਮੇਂ ਕੁੱਲ ਰਜਿਸਟਰੀਆਂ ’ਚ ਖੂਨ ਦੇ ਰਿਸ਼ਤਿਆਂ ’ਚ ਹੋਣ ਵਾਲੀਆਂ ਰਜਿਸਟਰੀਆਂ 22 ਫੀਸਦੀ ਹਨ।