16.2 C
Jalandhar
Monday, December 23, 2024
spot_img

ਲਾਅ ਅਫਸਰਾਂ ਦੀਆਂ ਅਸਾਮੀਆਂ ’ਚ ਰਾਖਵਾਂਕਰਨ ਲਾਗੂ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸਰਕਾਰ ਨੇ ਸੂਬੇ ਦੇ ਲਾਅ ਅਫ਼ਸਰਾਂ ਦੀ ਨਿਯੁਕਤੀ ’ਚ ਰਾਖਵਾਂਕਰਨ ਲਾਗੂ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਤਾਬਕ 146 ’ਚੋਂ 58 ਨਿਯੁਕਤੀਆਂ ਅਨੁਸੂਚਿਤ ਜਾਤੀਆਂ ਵਿੱਚੋਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਵੱਲੋਂ ਇਸ ਫੈਸਲੇ ਨੂੰ ਆਪਣੀ ਸਰਕਾਰ ਦਾ ਇਤਿਹਾਸਕ ਫੈਸਲਾ ਦੱਸਿਆ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਏ ਜੀ ਦਫਤਰਾਂ ’ਚ ਐੱਸ ਸੀ ਭਾਈਚਾਰੇ ਲਈ ਲਾਅ ਅਫਸਰਾਂ ਦੀ ਨਿਯੁਕਤੀ ’ਚ 58 ਪੋਸਟਾਂ ਰਾਖਵੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪੰਜਾਬ ਸਰਕਾਰ ਦੀ ਇਤਿਹਾਸਕ ਉਪਲੱਬਧੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਏ ਜੀ ਦਫਤਰਾਂ ’ਚ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾ ਦੀ ਸਰਕਾਰ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦੇ ਦੱਸੇ ਮਾਰਗ ’ਤੇ ਚੱਲ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜਦ ਮੈਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ ਸੀ ਤਾਂ ਅਫਸਰਾਂ ਨੂੰ ਪੁੱਛਿਆ ਸੀ ਕਿ ਐਡਵੋਕੇਟ ਜਨਰਲ ਦੇ ਆਫਿਸ ’ਚ ਲਾਅ ਅਫਸਰਾਂ ਲਈ ਰਿਜ਼ਰਵੇਸ਼ਨ ਹੈ। ਉਨ੍ਹਾਂ ਨੇ ਕਿਹਾ ਸੀ ਨਹੀਂ, ਮੈਂ ਪੁੱਛਿਆ ਕਿ ਕੀ ਅਸੀਂ ਇਹ ਕਰ ਸਕਦੇ ਹਾਂ ਤਾਂ ਅਫਸਰਾਂ ਨੇ ਕਿਹਾ ਸੀ ਕਿ ਸਰਕਾਰ ਇਹ ਫੈਸਲਾ ਕਰ ਸਕਦੀ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਲਾਅ ਅਫਸਰਾਂ ਦੀਆਂ ਅਸਾਮੀਆਂ ਤੋਂ ਬਿਨਾਂ 58 ਪੋਸਟਾਂ ਬਣਾਈਆਂ ਜਾ ਰਹੀਆਂ ਹਨ, ਜੋ ਐੱਸ ਸੀ ਭਾਈਚਾਰੇ ਲਈ ਰਿਜ਼ਰਵ ਹੋਣਗੀਆਂ। ਆਉਣ ਵਾਲੇ ਦਿਨਾਂ ’ਚ ਇਹ ਪੋਸਟਾਂ ਭਰ ਦਿੱਤੀਆਂ ਜਾਣਗੀਆਂ। ਪੂਰੇ ਦੇਸ਼ ’ਚ ਕਿਤੇ ਵੀ ਕਿਸੇ ਵੀ ਸੂਬੇ, ਸੰਸਥਾ ਜਾਂ ਪੈਨਲ ’ਚ ਵਕੀਲਾਂ ਲਈ ਇਹ ਸਹੂਲਤ ਨਹੀਂ ਹੈ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਲੋੜੀਂਦੀ ਕਾਬਲੀਅਤ ਅਤੇ ਸਮਰੱਥਾ ਦੇ ਬਾਵਜੂਦ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਲਾਅ ਅਫਸਰਾਂ ਵਰਗੇ ਅਹੁਦਿਆਂ ਉਤੇ ਪਹੁੰਚਣ ਦਾ ਮੌਕਾ ਹੀ ਨਹੀਂ ਮਿਲਿਆ। ਲਿਹਾਜ਼ਾ, ਉਨ੍ਹਾ ਆਸ ਪ੍ਰਗਟਾਈ ਕਿ ਰਾਜ ਸਰਕਾਰ ਵੱਲੋਂ ਇਨ੍ਹਾਂ ਉਮੀਦਵਾਰਾਂ ਲਈ ਰਾਖਵਾਂਕਰਨ ਸ਼ੁਰੂ ਕਰਨ ਦਾ ਇਹ ਫੈਸਲਾ ਐੱਸ ਸੀ ਉਮੀਦਵਾਰਾਂ ਨੂੰ ਲਾਅ ਅਫਸਰਾਂ ਵਜੋਂ ਤਰਕਪੂਰਨ ਢੰਗ ਨਾਲ ਸੇਵਾ ਕਰਨ ਦੇ ਯੋਗ ਬਣਾਵੇਗਾ। ਉਹਨਾ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਸਰਕਾਰ ਹੀ ਦੇਸ਼ ਦੀ ਅਜਿਹੀ ਵਾਹਦ ਸਰਕਾਰ ਹੈ, ਜਿਸ ਨੇ ਅਨੁਸੂਚਿਤ ਜਾਤੀਆਂ ਨੂੰ ਇਨ੍ਹਾਂ ਵੱਕਾਰੀ ਅਸਾਮੀਆਂ ਲਈ ਰਾਖਵੇਂਕਰਨ ਦੀ ਸਹੂਲਤ ਦਿੱਤੀ ਹੈ। ਅਨੁਸੂਚਿਤ ਜਾਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦਿ੍ਰੜ੍ਹ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੂਬਾ ਸਰਕਾਰ ਭਾਈਚਾਰੇ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਬਰਾਬਰ ਮੌਕੇ ਉਪਲੱਬਧ ਕਰਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਸਿਰਫ਼ ਫੋਕੀਆਂ ਗੱਲਾਂ ਹੀ ਕੀਤੀਆਂ, ਪਰ ਇਸ ਦੇ ਉਲਟ ਆਪ ਸਰਕਾਰ ਨੇ ਸਾਬਤ ਕਦਮੀਂ ਨਾਲ ਇਸ ਸੰਬੰਧੀ ਠੋਸ ਕਦਮ ਚੁੱਕੇ ਹਨ।
ਉਧਰ ਪੰਜਾਬ ਦੇ ਏ ਜੀ ਦਫਤਰਾਂ ’ਚ ਰਾਖਵਾਂਕਰਨ ਲਾਗੂ ਕੀਤੇ ਜਾਣ ਦਾ ਭਾਜਪਾ ਨੇ ਸਵਾਗਤ ਕੀਤਾ ਹੈ। ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਬਹੁਤ ਧੰਨਵਾਦ ਕਰਦੇ ਹਨ। ਉਨ੍ਹਾ ਕਿਹਾ ਕਿ ਪਿਛਲੇ ਦਿਨੀਂ ਵਾਲਮੀਕੀ ਸਮਾਜ ਨੇ ਮੁੱਖ ਮੰਤਰੀ ਤੋਂ ਇਹ ਮੰਗ ਕੀਤੀ ਸੀ, ਜੋ ਅੱਜ ਮਨਜ਼ੂਰ ਹੋ ਗਈ।

Related Articles

LEAVE A REPLY

Please enter your comment!
Please enter your name here

Latest Articles