ਲੁਧਿਆਣਾ : ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਮੀਟਿੰਗ ਬੀਤੇ ਦਿਨ ਸ਼ਹੀਦ ਈਸੜੂ ਭਵਨ ਲੁਧਿਆਣਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਨੇ ਕੀਤੀ। ਮੀਟਿੰਗ ਵਿੱਚ ਚੇਅਰਪਰਸਨ ਕੁਸ਼ਲ ਭੌਰਾ ਉੱਚੇਚੇ ਤੌਰ ’ਤੇ ਸ਼ਾਮਲ ਹੋਏ।
ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਸ਼ਰਧਾਂਜਲੀ ਮਤਾ ਰੱਖਿਆ, ਜਿਸ ਵਿੱਚ ਕਰਤਾਰ ਬੁਆਣੀ, ਸਵਰਨ ਸਿੰਘ ਨਾਗੋਕੇ, ਬੀਬੀ ਸਤਪਾਲ ਕੌਰ ਨਾਗੋਕੇ ਅਤੇ ਪਿਛਲੇ ਦਿਨੀ ਕੈਂਟਰ ਵਿੱਚ ਮਾਰੇ ਗਏ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕਰਦਿਆਂ ਦਸੰਬਰ ਵਿੱਚ ਹੋਈ ਨੈਸ਼ਨਲ ਕਾਨਫਰੰਸ ਬਾਰੇ ਵੀ ਵੇਰਵੇ ਨਾਲ ਗੱਲਬਾਤ ਕੀਤੀ ਗਈ।
ਉਹਨਾ ਕਿਹਾ ਕਿ ਜਨਵਰੀ ਵਿੱਚ ਪਹਿਲੀ ਔਰਤ ਅਧਿਆਪਕਾ ਸਵਿਤਰੀ ਬਾਈ ਫੂਲੇ ਦਾ ਜਨਮ ਦਿਨ ਪੰਜਾਬ ਇਸਤਰੀ ਸਭਾ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਨਾਇਆ ਗਿਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਅੰਬੇਡਕਰ ਬਾਰੇ ਇਤਰਾਜ਼ਯੋਗ ਬਿਆਨ ਦੀ ਨਿੰਦਾ ਕਰਦੇ ਹੋਏ ਮੰਗ ਪੱਤਰ ਜ਼ਿਲ੍ਹਾ ਕੁਲੈਕਟਰਾਂ ਨੂੰ ਦਿੱਤੇ ਗਏ ਸਨ।ਡਾਕਟਰ ਅੰਬੇਡਕਰ ਦੇ ਬੁੱਤ ਨੂੰ ਤੋੜਨ, ਦਾਨ ਸਿੰਘ ਵਾਲਾ ਵਿਖੇ ਅੱਗ ਲਾ ਕੇ ਘਰ ਸਾੜਨ, ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤੀਆਂ ਨੂੰ ਸੈਨਿਕ ਜਹਾਜ਼ ਰਾਹੀਂ ਬੇੜੀਆਂ ਪਾ ਕੇ ਵਾਪਸ ਭੇਜਣ ਬਾਰੇ ਸਾਰੀ ਕੌਂਸਲ ਵੱਲੋਂ ਨਿੰਦਾ ਕੀਤੀ ਗਈ। ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਕਿਸ ਤਰ੍ਹਾਂ ਮਹਾਕੁੰਭ ਵਿੱਚ ਮਚੀ ਭਗਦੜ ਵਿੱਚ ਅਨੇਕਾਂ ਲੋਕ ਮਾਰੇ ਗਏ ਹਨ। ਮਹਾਕੁੰਭ ਮੇਲੇ ਤੋਂ ਦੂਰ ਰੱਖਣ ਲਈ ਮੁਸਲਮਾਨਾਂ ਨੂੰ ਘਰਾਂ ’ਚ ਬੰਦ ਕਰਨ ਲਈ ਬੈਰੀਕੇਡ ਲਗਾ ਦਿੱਤੇ ਗਏ ਸਨ, ਜੋ ਅੱਤ ਦੀ ਘਿਨਾਉਣੀ ਹਰਕਤ ਹੈ। ਭਗਦੜ ਉਪਰੰਤ ਭੱਜ ਰਹੇ ਹਿੰਦੂ ਭਰਾਵਾਂ ਲਈ ਮੁਸਲਮਾਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਜੋ ਕਿ ਭਾਈਚਾਰੇ ਦਾ ਇੱਕ ਸ਼ਾਨਦਾਰ ਸਬੂਤ ਹੈ।
ਟਰੰਪ ਵੱਲੋਂ ਇਸ ਤਰ੍ਹਾਂ ਬੇਇੱਜ਼ਤ ਕਰਕੇ ਭਾਰਤੀਆਂ ਨੂੰ ਵਾਪਸ ਭੇਜਣ ’ਤੇ ਮੋਦੀ ਸਰਕਾਰ ਨੇ ਕੋਈ ਇਤਰਾਜ਼ ਨਹੀਂ ਕੀਤਾ, ਜਿਸ ਦਾ ਮਤਲਬ ਹੈ ਕਿ ਅਸੀਂ ਟਰੰਪ ਸਰਕਾਰ ਸਾਹਮਣੇ ਗੋਡੇ ਟੇਕ ਚੁੱਕੇ ਹਾਂ।
ਕੁਸ਼ਲ ਭੌਰਾ ਨੇ ਕਿਹਾ ਕਿ ਕੈਂਟਰ ਵਿੱਚ ਮਾਰੇ ਗਏ ਮਜਦੂਰ ਵੀ ਬੇਰੁਜ਼ਗਾਰੀ ਦੀ ਮਾਰ ਵਿੱਚ ਹੀ ਆਏ ਹਨ, ਜਿਨ੍ਹਾਂ ਨੂੰ ਕੰਮ ਕਰਵਾਉਣ ਵਾਲੇ ਇਸ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਛੋਟੀ ਗੱਡੀ ਵਿਚ ਲੋੜੋਂ ਵੱਧ ਗਿਣਤੀ ਵਿੱਚ ਬਿਠਾ ਕੇ ਲਿਜਾਂਦੇ ਹਨ। ਗਰੀਬ ਮਜ਼ਦੂਰਾਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਕੰਮ ਮਿਲ ਜਾਏ, ਕਿਉਕਿ ਸਾਡੀ ਸਰਕਾਰ ਉਹਨਾਂ ਨੂੰ ਕੰਮ ਦੇਣ ਵਿੱਚ ਨਾਕਾਮ ਹੈ। ਇਸ ਤਰ੍ਹਾਂ ਹੀ ਉਹਨਾ ਕਿਹਾ ਕਿ ਡਿਪੋਰਟ ਹੋ ਕੇ ਆਏ ਨੌਜਵਾਨ ਭਾਰਤ ਸਰਕਾਰ ਦੀ ਨਲਾਇਕੀ ਨੂੰ ਦਰਸਾਉਦੀ ਘਟਨਾ ਹੈ। ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਨੌਜਵਾਨਾਂ ਦੇ ਭਵਿੱਖ ਲਈ ਕੁਝ ਨਹੀਂ ਕਰ ਰਹੀ। ਇਥੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਮਜਬੂਰਨ ਨੌਜਵਾਨਾਂ ਨੂੰ ਵਿਦੇਸ਼ ਵੱਲ ਭੱਜਣਾ ਪੈ ਰਿਹਾ ਹੈ।
ਜਨਰਲ ਸਕੱਤਰ ਨਰਿੰਦਰ ਸੋਹਲ ਨੇ ਔਰਤਾਂ ਦੇ ਕੌਮਾਂਤਰੀ ਦਿਹਾੜੇ ਅੱਠ ਮਾਰਚ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਵੱਖ-ਵੱਖ ਜ਼ਿਲ੍ਹਾ ਸਕੱਤਰਾਂ ਅਤੇ ਪ੍ਰਧਾਨਾਂ ਨੂੰ ਆਪਣੇ-ਆਪਣੇ ਜ਼ਿਲ੍ਹੇ ਵਿੱਚ ਬੜੀ ਧੂਮਧਾਮ ਨਾਲ ਔਰਤਾਂ ਦਾ ਦਿਹਾੜਾ ਮਨਾਉਣ ਲਈ ਕਿਹਾ, ਜਿਸ ਦਾ ਸਾਰੀ ਕੌਂਸਲ ਨੇ ਭਰਵਾਂ ਹੁੰਗਾਰਾ ਭਰਿਆ। ਸੂਬਾ ਕੌਂਸਲ ਨੇ ਨੈਸ਼ਨਲ ਕੌਂਸਲ ਲਈ ਖਾਲੀ ਦੋ ਸੀਟਾਂ ਲਈ ਮਨਜੀਤ ਕੌਰ ਫਰੀਦਕੋਟ ਅਤੇ ਹਰਜੀਤ ਫਾਜ਼ਿਲਕਾ ਦੀ ਚੋਣ ਕੀਤੀ।
ਮੀਟਿੰਗ ਵਿੱਚ ਅੰਮਿ੍ਰਤਪਾਲ ਜੋਗਾ, ਰੁਪਿੰਦਰ ਮਾੜੀਮੇਘਾ, ਸੀਮਾ ਸੋਹਲ, ਪ੍ਰਵੀਨ, ਤਿ੍ਰਪਤ ਕੌਰ, ਨਸੀਬ ਕੌਰ, ਸੰਤੋਸ਼ ਬਰਾੜ, ਰਜਨੀ ਰੋਪੜ, ਮਨਜੀਤ ਮਾਨਸਾ, ਅਮਰਜੀਤ ਕੌਰ, ਕੁਲਵੰਤ ਕੌਰ, ਕਿਰਨਬੀਰ ਵਲਟੋਹਾ, ਬਲਜੀਤ ਕੌਰ ਗਦਾਈਆ, ਇਸ਼ਰਤ ਅਤੇ ਹੋਰ ਸੂਬਾ ਕੌਂਸਲ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਸੂਬਾ ਪ੍ਰਧਾਨ ਨੇ ਸਾਰੀ ਸੂਬਾ ਕੌਂਸਲ ਦਾ ਧੰਨਵਾਦ ਕੀਤਾ।





