ਦੋ ਕਰੀਬੀਆਂ ਦੀ ਗਿ੍ਰਫ਼ਤਾਰੀ ’ਤੇ ਬਿੱਟੂ ਪੰਜਾਬ ਸਰਕਾਰ ’ਤੇ ਵਰ੍ਹੇ

0
49

ਪਟਿਆਲਾ
(ਰਜਿੰਦਰ ਥਿੰਦ)
ਇੱਥੇ ਲਾਹੌਰੀ ਗੇਟ ਦੇ ਵਾਸੀ ਦੀ ਸ਼ਿਕਾਇਤ ਉਤੇ ਪਟਿਆਲਾ ਸਿਵਲ ਲਾਈਨਜ਼ ਪੁਲਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਸਹਿਯੋਗੀ ਰਾਜੇਸ਼ਵਰ ਅੱਤਰੀ ਨੂੰ ਐੱਸ ਸੀ/ਅੱੈਸ ਟੀ ਐਕਟ ਤਹਿਤ ਗਿ੍ਰਫਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਐਤਵਾਰ ਸ਼ਾਮ ਨੂੰ ਵਟਸਐਪ ’ਤੇ ਗਲਤੀ ਨਾਲ ਹੋਈ ਕਾਲ ਦੌਰਾਨ ਉਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ।
ਡੀ ਐੱਸ ਪੀ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਟਸਐਪ ’ਤੇ ਗ਼ਲਤੀ ਨਾਲ ਅੱਤਰੀ ਦਾ ਨੰਬਰ ਡਾਇਲ ਕੀਤਾ ਅਤੇ ਉਸ ਗੱਲਬਾਤ ਦੌਰਾਨ ਉਸ (ਅੱਤਰੀ) ਨੇ ਉਸ (ਸ਼ਿਕਾਇਤਕਰਤਾ) ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਐੱਫ ਆਈ ਆਰ ਦਰਜ ਕੀਤੀ ਗਈ ਅਤੇ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਰਾਜੇਸ਼ਵਰ ਅੱਤਰੀ ਦੇ ਪਿਤਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਪਨਸੀਡ ਦੇ ਚੇਅਰਮੈਨ ਰਹੇ ਹਨ। ਉਨ੍ਹਾਂ ਦੇ ਪਿਤਾ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕਾਫੀ ਨੇੜਤਾ ਸੀ।ਉਸ ਤੋਂ ਬਾਅਦ ਰਾਜੇਸ਼ਵਰ ਅੱਤਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪਿਛਲੇ ਕਾਫੀ ਸਮੇਂ ਤੋਂ ਨਾਲ ਹਨ।ਗਿ੍ਰਫਤਾਰੀ ਦ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਵਿਜੈ ਕੂਕਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਪਹਿਲਾਂ ਲੁਧਿਆਣਾ ਪੁਲਸ ਵੱਲੋਂ ਇਕ ਕਾਰੋਬਾਰੀ ਤੋਂ 30 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਰਾਜੀਵ ਰਾਜਾ ਨੂੰ ਗਿ੍ਰਫ਼ਤਾਰ ਕੀਤਾ ਸੀ।ਰਾਜੀਵ ਰਾਜਾ ਨੂੰ ਵੀ ਬਿੱਟੂ ਦਾ ਖਾਸਮਖਾਸ ਮੰਨਿਆ ਜਾਂਦਾ ਹੈ।
ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੱਤਾ ਦੇ ‘ਨਸ਼ੇ ਵਿੱਚ ਚੂਰ’ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾ ਦੇ ਬਹੁਤ ਹੀ ਕਰੀਬੀ ਸਾਥੀ ਰਾਜੇਸ਼ ਅੱਤਰੀ ਨੂੰ ਗਿ੍ਰਫਤਾਰ ਕਰਵਾ ਦਿੱਤਾ ਹੈ, ਜਿਸ ਨਾਲ ਉਨ੍ਹਾ ਦੇ ਪਰਵਾਰ ਦਾ ਪੀੜ੍ਹੀ-ਦਰ-ਪੀੜ੍ਹੀ ਰਿਸ਼ਤਾ ਹੈ।
ਬਿੱਟੂ ਨੇ ਲੁਧਿਆਣਾ ’ਚ ਆਪਣੇ ਕਰੀਬੀ ਰਾਜੀਵ ਰਾਜਾ ਅਤੇ ਪਟਿਆਲਾ ਵਿੱਚ ਰਾਜੇਸ਼ ਅੱਤਰੀ ਖ਼ਿਲਾਫ਼ ਦਰਜ ਦੋ ਕੇਸਾਂ ਦੇ ਹਵਾਲੇ ਨਾਲ ਕਿਹਾ ਕਿ ਰਾਜਾ ’ਤੇ ਜ਼ਬਰਦਸਤੀ ਦੇ ਇੱਕ ਕੇਸ ਵਿੱਚ ਦੋਸ਼ ਲਗਾਇਆ ਗਿਆ ਹੈ। ਉਹਨਾ ਕਿਹਾ, ‘ਮੈਂ ਪਾਰਲੀਮੈਂਟ ਸੈਸ਼ਨ ਤੋਂ ਬਾਅਦ ਚੰਡੀਗੜ੍ਹ ਵਿੱਚ ਤੁਹਾਡੇ (ਮਾਨ ਦੇ) ਘਰ ਜਾਵਾਂਗਾ। ਮੇਰਾ ਸਾਹਮਣਾ ਕਰਨ ਜਾਂ ਮੈਨੂੰ ਗਿ੍ਰਫਤਾਰ ਕਰਨ ਦੀ ਹਿੰਮਤ ਕਰੋ। ਮੇਰੇ ਸਾਥੀਆਂ ਦੇ ਪਰਵਾਰਾਂ ਤੋਂ ਬਦਲਾ ਲੈਣਾ ਬੰਦ ਕਰੋ। ਮੈਂ ਸ਼ਹੀਦਾਂ ਦੇ ਪਰਵਾਰ ਤੋਂ ਹਾਂ ਅਤੇ ਮੈਨੂੰ ਕਿਸੇ ਪੁਲਸ ਕੇਸ ਜਾਂ ਗਿ੍ਰਫਤਾਰੀ ਦਾ ਡਰ ਨਹੀਂ। ਮੈਂ ਆਪਣੀਆਂ ਲੜਾਈਆਂ ਸਿੱਧੀਆਂ ਲੜਦਾ ਹਾਂ ਅਤੇ ਮਾਸੂਮ ਬੱਚਿਆਂ ਜਾਂ ਪਰਵਾਰਾਂ ’ਤੇ ਜ਼ਬਰਦਸਤੀ ਕੀਤੇ ਬਿਨਾਂ।’
ਉਨ੍ਹਾ ਪੰਜਾਬ ਪੁਲਸ ਵੱਲੋਂ ਪਟਿਆਲਾ, ਜਗਰਾਉ, ਫਿਰੋਜ਼ਪੁਰ ਅਤੇ ਲੁਧਿਆਣਾ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਛਾਪੇਮਾਰੀ ਦੀ ਨਿਖੇਧੀ ਕੀਤੀ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਥਿਤ ਤੌਰ ’ਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਬਿੱਟੂ ਨੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਸੱਤਾ ਹਮੇਸ਼ਾ ਲਈ ਨਹੀਂ ਰਹਿੰਦੀ ਅਤੇ ਇਹ ਕਾਰਵਾਈਆਂ ਕਰਨ ਵਾਲੇ ਪੁਲਸ ਅਧਿਕਾਰੀ ਇੱਕ ਦਿਨ ਉਨ੍ਹਾ ਅਤੇ ਉਨ੍ਹਾ ਦੇ ਪਰਵਾਰ ਦੇ ਵਿਰੁੱਧ ਹੋ ਜਾਣਗੇ।ਬਿੱਟੂ ਨੇ ਪੰਜਾਬ ਪੁਲਸ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਸਖ਼ਤ ਸੰਦੇਸ਼ ਦਿੱਤਾ ਹੈ। ਸਰਕਾਰਾਂ ਆਉਦੀਆਂ ਰਹਿੰਦੀਆਂ ਹਨ। ਕੀ ਹੋਵੇਗਾ ਜਦੋਂ ਭਾਜਪਾ ਆਖਰਕਾਰ ਪੰਜਾਬ ਵਿੱਚ ‘ਆਪ’ ਸਰਕਾਰ ਨੂੰ ਡੇਗ ਦੇਵੇਗੀ?