ਬਾਜਵਾ ਦਾ ਤਾਂ ਆਪਣਾ ਭਰਾ ਛੱਡ ਕੇ ਭਾਜਪਾ ’ਚ ਚਲੇ ਗਿਆ : ਕੰਗ

0
89

ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ’ਤੇ ਪਲਟਵਾਰ ਕੀਤਾ ਹੈ, ਜਿਸ ’ਚ ਉਨ੍ਹਾ ਕਿਹਾ ਹੈ ਕਿ ‘ਆਪ’ ਦੇ 30 ਵਿਧਾਇਕ ਉਹਨਾ ਦੇ ਸੰਪਰਕ ’ਚ ਹਨ। ਪਾਰਟੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਵਿਧਾਇਕ ਤਾਂ ਦੂਰ, ਬਾਜਵਾ ਦੀ ਆਪਣੀ ਪਾਰਟੀ ਦੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹਨ।
‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬਾਜਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਸਾਰੇ ਕਾਂਗਰਸੀ ਵਿਧਾਇਕ ਤੁਹਾਡੇ ਸੰਪਰਕ ’ਚ ਹਨ? ਜੇਕਰ ਹਾਂ ਤਾਂ ਸੰਦੀਪ ਜਾਖੜ ਕਿੱਥੇ ਹਨ? ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਪਾਰਟੀ ਕਿਉ ਛੱਡੀ?
ਕੰਗ ਨੇ ਕਿਹਾ ਕਿ ਬਾਜਵਾ ਦਾ ਭਰਾ ਫਤਿਹਜੰਗ ਸਿੰਘ ਬਾਜਵਾ ਉਨ੍ਹਾ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ, ਉਹ ਰੋਕ ਨਹੀਂ ਸਕੇ। ਇਕ ਤਰਫ਼ ਕਾਂਗਰਸੀ ਆਗੂ, ਵਿਧਾਇਕ ਤੇ ਸਾਬਕਾ ਵਿਧਾਇਕ ਲਗਾਤਾਰ ਪਾਰਟੀ ਛੱਡ ਰਹੇ ਹਨ, ਪਰ ਬਾਜਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੈ ਕੇ ਚਿੰਤਤ ਹਨ।ਉਨ੍ਹਾ ਕਿਹਾ ਕਿ ਪ੍ਰਤਾਪ ਬਾਜਵਾ ‘ਮੁੰਗੇਰੀ ਲਾਲ ਦੇ ਹੁਸੀਨ ਸੁਪਨੇ’ ਦੇਖ ਰਹੇ ਹਨ, ਜੋ ਕਦੇ ਪੂਰੇ ਨਹੀਂ ਹੋਣਗੇ। ਬਾਜਵਾ ਬੇਬੁਨਿਆਦ ਬਿਆਨ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾ ਦੇ ਦਾਅਵੇ ਕਦੇ ਸੱਚ ਨਹੀਂ ਹੁੰਦੇ। ਕੰਗ ਨੇ ਕਿਹਾ ਕਿ ਅੱਜ ਕਾਂਗਰਸ ਦੀ ਹਾਲਤ ਇਹ ਬਣ ਗਈ ਹੈ ਕਿ ਦਿੱਲੀ ਵਿੱਚ ਜ਼ੀਰੋ ਸੀਟਾਂ ਮਿਲਣ ਦੇ ਬਾਵਜੂਦ ਇਸ ਦੇ ਆਗੂ ਆਪਣੇ ਦਫ਼ਤਰ ਵਿੱਚ ਜਸ਼ਨ ਮਨਾ ਰਹੇ ਸਨ ਅਤੇ ਨੱਚ ਰਹੇ ਸਨ। ਉਹ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪਾਰਟੀ ਵਿਧਾਇਕਾਂ ਦੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿੱਚ ਮੀਟਿੰਗ ਬਾਰੇ ਕੰਗ ਨੇ ਕਿਹਾ ਕਿ ਇਹ ਇੱਕ ਜਥੇਬੰਦਕ ਮੀਟਿੰਗ ਹੈ। ਕੇਜਰੀਵਾਲ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਹਨ, ਅਜਿਹੀਆਂ ਮੀਟਿੰਗਾਂ ਕਿਸੇ ਵੀ ਪਾਰਟੀ ਦੀ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ।