ਯੂ ਕੇ ਵੱਲੋਂ 19 ਹਜ਼ਾਰ ਪ੍ਰਵਾਸੀ ਡਿਪੋਰਟ

0
152

ਲੰਡਨ : ਯੂ ਕੇ ਨੇ ਅਮਰੀਕਾ ਦੀ ਟਰੰਪ ਸਰਕਾਰ ਦੀ ਤਰਜ਼ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 19,000 ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਇਨ੍ਹਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਨਾਲ ਵਿਦੇਸ਼ੀ ਅਪਰਾਧੀ ਵੀ ਸ਼ਾਮਲ ਹਨ। ਯੂ ਕੇ ਦੀ ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਨੇ ਮੁਲਕ ਵਿਚ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪਿਛਲੇ ਸਮੇਂ ਵਿਚ ਵੱਡੇ ਪੱਧਰ ’ਤੇ ਛਾਪੇ ਮਾਰੇ ਹਨ। ਯੁੂ ਕੇ ਪੁਲਸ ਨੇ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਵਿਚ ਭਾਰਤੀ ਰੈਸਟੋਰੈਂਟ, ਨੇਲ ਬਾਰਜ਼, ਸਟੋਰ ਤੇ ਕਾਰ ਵਾਸ਼ਿਜ਼ ਸ਼ਾਮਲ ਹਨ, ਕਿਉਂਕਿ ਬਹੁਤੇ ਪ੍ਰਵਾਸੀ ਕਾਮੇ ਇਥੇ ਹੀ ਕੰਮ ਕਰਦੇ ਹਨ। ਗ੍ਰਹਿ ਮੰਤਰੀ ਯੈਵੇਟ ਕੂਪਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਟੀਮਾਂ ਨੇ ਜਨਵਰੀ ਮਹੀਨੇ ਵਿਚ 828 ਟਿਕਾਣਿਆਂ ’ਤੇ ਛਾਪੇ ਮਾਰੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 48 ਫੀਸਦੀ ਵੱਧ ਹਨ। ਇਨ੍ਹਾਂ ਛਾਪਿਆਂ ਦੌਰਾਨ 609 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉੱਤਰੀ ਇੰਗਲੈਂਡ ਦੇ ਹੰਬਰਸਾਈਡ ਵਿੱਚ ਇੱਕ ਭਾਰਤੀ ਰੈਸਟੋਰੈਂਟ ’ਤੇ ਮਾਰੇ ਛਾਪੇ ਦੌਰਾਨ ਸੱਤ ਵਿਅਕਤੀਆਂ ਨੂੰ ਗਿ੍ਰਫਤਾਰ ਤੇ ਚਾਰ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਲੇਬਰ ਪਾਰਟੀ ਨੇ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਸ਼ਿਕੰਜਾ ਅਜਿਹੇ ਮੌਕੇ ਕੱਸਿਆ ਹੈ, ਜਦੋਂ ਪਾਰਟੀ ਵੱਲੋਂ ਪੇਸ਼ ਬਾਰਡਰ ਸੁਰੱਖਿਆ, ਅਸਾਈਲਮ ਤੇ ਇਮੀਗ੍ਰੇਸ਼ਨ ਬਿੱਲ ਇਸ ਹਫਤੇ ਦੂਜੀ ਨਜ਼ਰਸਾਨੀ ਲਈ ਸੰਸਦ ਵਿਚ ਆਇਆ ਹੈ। ਇਸ ਨਵੇਂ ਕਾਨੂੰਨ ਦਾ ਮੁੱਖ ਮੰਤਵ ‘ਅਪਰਾਧਕ ਗਰੋਹਾਂ ਨਾਲ ਸਿੱਝਣਾ’ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਨ੍ਹਾਂ ਅਪਰਾਧਕ ਗਰੋਹਾਂ ਨੇ ਸਰਹੱਦੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਹੈ।