ਮੁੰਬਈ : ਸੈਂਸੈਕਸ ਮੰਗਲਵਾਰ 1018 ਅੰਕ (1.31 ਫੀਸਦੀ) ਦੀ ਗਿਰਾਵਟ ਨਾਲ 76293 ਦੀ ਪੱਧਰ ’ਤੇ ਬੰਦ ਹੋਇਆ। ਨਿਫਟੀ ਵੀ 309 ਅੰਕ (1.32 ਫੀਸਦੀ) ਦੀ ਗਿਰਾਵਟ ਨਾਲ 23071 ’ਤੇ ਆ ਗਿਆ। ਬਾਜ਼ਾਰ ਲਗਾਤਾਰ ਪੰਜਵੇਂ ਕਾਰੋਬਾਰੀ ਦਿਨ ਡਿੱਗ ਕੇ ਬੰਦ ਹੋਇਆ। ਨਿਫਟੀ ਰਿਅਲਟੀ ਸਭ ਤੋਂ ਵੱਧ ਤਿੰਨ ਫੀਸਦੀ ਟੁੱਟਿਆ। ਮੀਡੀਆ ਇੰਡੈਕਸ ਵੀ 2.85 ਫੀਸਦੀ ਡਿੱਗਿਆ। ਆਟੋ, ਐੱਫ ਐੱਮ ਸੀ ਜੀ, ਫਾਰਮਾ ਤੇ ਸਰਕਾਰੀ ਬੈਂਕਾਂ ਦੇ ਇੰਡੈਕਸ ਵਿੱਚ ਕਰੀਬ ਦੋ ਫੀਸਦੀ ਦੀ ਗਿਰਾਵਟ ਰਹੀ । ਮੈਟਲ ਤੇ ਆਈ ਇੰਡੈਕਸ ਕਰੀਬ ਡੇਢ ਫੀਸਦੀ ਹੇਠਾਂ ਬੰਦ ਹੋਏ। ਸ਼ੇਅਰ ਬਾਜ਼ਾਰ ਵਿੱਚ ਬਿਕਵਾਲੀ ਨਾਲ ਨਿਵੇਸ਼ਕਾਂ ਦੀ ਦੌਲਤ 9.27 ਲੱਖ ਕਰੋੜ ਰੁਪਏ ਘੱਟ ਗਈ। ਬੀ ਐੱਸ ਈ ’ਤੇ ਲਿਸਟਿਡ ਕੰਪਨੀਆਂ ਦਾ ਓਵਰਆਲ ਮਾਰਕਿਟ ਕੈਪ 408 ਲੱਖ ਕਰੋੜ ਰਹਿ ਗਿਆ, ਜਿਹੜਾ ਕਿ 10 ਫਰਵਰੀ ਨੂੰ ਲਗਭਗ 417 ਲੱਖ ਕਰੋੜ ਰੁਪਏ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਟੀਲ ਤੇ ਅਲੂਮੀਨੀਅਮ ਦਰਾਮਦ ’ਤੇ ਟੈਰਿਫ ਵਧਾਉਣ ਦੇ ਕਦਮ ਦੇ ਬਾਅਦ ਬਾਜ਼ਾਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਟਰੰਪ ਨੇ ਅਲੂਮੀਨੀਅਮ ’ਤੇ ਟੈਰਿਫ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ ਅਤੇ ਪਹਿਲਾਂ ਡਿਊਟੀ ਫਰੀ ਸਟੀਲ ’ਤੇ 25 ਫੀਸਦੀ ਟੈਰਿਫ ਲਾ ਦਿੱਤਾ ਹੈ। ਅਕਤੂਬਰ ਤੋਂ ਬਾਅਦ ਵਿਦੇਸ਼ੀ ਤੇ ਦੇਸੀ ਨਿਵੇਸ਼ਕਾਂ ਨੇ ਬਾਜ਼ਾਰ ਵਿੱਚੋਂ ਪੌਣੇ ਤਿੰਨ ਲੱਖ ਕਰੋੜ ਕੱਢ ਲਏ ਹਨ।


