ਲਖਨਊ : ਯੂ ਪੀ ਦੀ ਰਾਜਧਾਨੀ ਲਖਨਊ ਦੇ ਬੁੱਧੇਸ਼ਵਰ ਇਲਾਕੇ ਵਿੱਚ ਵਿਆਹ ਸਮਾਗਮ ’ਚ ਤੇਂਦੂਏ ਦੇ ਵੜਨ ਕਰਕੇ ਅਫ਼ਰਾਤਫ਼ਰੀ ਮਚ ਗਈ। ਲਾੜਾ-ਲਾੜੀ ਘੰਟਿਆਂਬੱਧੀ ਆਪਣੀ ਕਾਰ ਵਿੱਚ ਫਸੇ ਰਹੇ, ਪਰ ਅਖੀਰ ਨੂੰ ਵਣ ਵਿਭਾਗ ਦੀ ਟੀਮ ਨੇ ਤੇਂਦੂਏ ਨੂੰ ਬੇਹੋਸ਼ ਕਰਕੇ ਕਾਬੂ ਕਰ ਲਿਆ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਉਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਭਿ੍ਰਸ਼ਟਾਚਾਰ ਕਰਕੇ ਜੰਗਲਾਂ ਵਿਚ ਮਨੁੱਖਾਂ ਦਾ ਨਾਜਾਇਜ਼ ਕਬਜ਼ਾ ਵਧਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਨੂੰ ਬੁੱਧੇਸ਼ਵਰ ਰਿੰਗ ਰੋਡ ਇਲਾਕੇ ਦੇ ਇੱਕ ‘ਮੈਰਿਜ ਹਾਲ’ ਵਿੱਚ ਵਾਪਰੀ। ਤੇਂਦੂਏ ਦੇ ਆਉਣ ਨਾਲ ਮਹਿਮਾਨ ਆਪਣੀ ਜਾਨ ਬਚਾਉਣ ਲਈ ਭੱਜੇ। ਹਾਲ ਵਿੱਚ ਮੌਜੂਦ ਲਾੜੇ-ਲਾੜੀ ਨੂੰ ਵੀ ਆਪਣੀ ਜਾਨ ਬਚਾਉਣ ਲਈ ਕਾਰ ਵੱਲ ਭੱਜਣਾ ਪਿਆ। ਬਾਅਦ ਵਿੱਚ ਜੰਗਲਾਤ ਵਿਭਾਗ ਅਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ। ਤੇਂਦੂਏ ਦੇ ਹਮਲੇ ਵਿੱਚ ਜੰਗਲਾਤ ਅਧਿਕਾਰੀ ਮੁਕੱਦਰ ਅਲੀ ਜ਼ਖਮੀ ਹੋ ਗਿਆ।
ਜੰਗਲਾਤ ਵਿਭਾਗ ਦੀ ਟੀਮ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਰਾਤ ਕਰੀਬ 2 ਵਜੇ ਤੇਂਦੂਏ ਨੂੰ ਟੀਕਾ ਲਾ ਕੇ ਬੇਹੋਸ਼ ਕੀਤਾ, ਜਿਸ ਤੋਂ ਬਾਅਦ ਇਸ ਨੂੰ ਫੜਿਆ ਜਾ ਸਕਿਆ। ਇੱਕ ਮਹਿਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਪਰਵਾਰ ਤੇਂਦੂਏ ਨੂੰ ਕਾਬੂ ਕੀਤੇ ਜਾਣ ਤੱਕ ਆਪਣੇ ਵਾਹਨਾਂ ਵਿੱਚ ਬੈਠੇ ਰਹੇ।



