ਖੱਬੀਆਂ ਪਾਰਟੀਆਂ ਦਾ ਏਕਾ ਹੀ ਕਾਮਰੇਡ ਸੁੱਜੋਂ ਨੂੰ ਸੱਚੀ ਸ਼ਰਧਾਂਜਲੀ

0
91

ਬੰਗਾ (ਅਵਤਾਰ ਕਲੇਰ)
ਮਰਹੂਮ ਆਗੂ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਸੱਤਵੀਂ ਬਰਸੀ ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਆਈ (ਐੱਮ ਐਲ) ਵੱਲੋਂ ਸਾਂਝੇ ਤੌਰ ’ਤੇ ਸੀ ਪੀ ਆਈ ਦਫਤਰ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਵੀਰਵਾਰ ਮਨਾਈ ਗਈ। ਸ਼ਰਧਾਂਜਲੀ ਸਮਾਰੋਹ ਦੀ ਪ੍ਰਧਾਨਗੀ ਦਸੌਂਧਾ ਸਿੰਘ, ਚਰਨਜੀਤ ਦੌਲਤਪੁਰ, ਸਤਨਾਮ ਗੁਲਾਟੀ ਤੇ ਜਸਵੀਰ ਦੀਪ ਨੇ ਸਾਂਝੇ ਤੌਰ ’ਤੇ ਕੀਤੀ। ਸੀਨੀਅਰ ਪੱਤਰਕਾਰ ਤੇ ਲੇਖਕ ਜਤਿੰਦਰ ਪਨੰੂ, ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ, ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਚੰਦ ਫਤਿਹਪੁਰੀ ਸੰਪਾਦਕ ਰੋਜ਼ਾਨਾ ‘ਨਵਾਂ ਜ਼ਮਾਨਾ’, ਅੰਗਦ ਸਿੰਘ ਸਾਬਕਾ ਵਿਧਾਇਕ ਨਵਾਂ ਸ਼ਹਿਰ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਸੀ ਪੀ ਆਈ (ਐੱਮ) ਦੇ ਆਗੂ ਮਹਾਂ ਸਿੰਘ ਰੋੜੀ, ਸੀ ਪੀ ਆਈ (ਐੱਮ ਐੱਲ) ਆਗੂ ਐਡਵੋਕੇਟ ਦਲਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਨਰੰਜਣ ਸਿੰਘ ਸੁੱਜੋਂ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਖੱਬੀਆਂ ਪਾਰਟੀਆਂ ਦਾ ਏਕਾ ਜ਼ਰੂਰੀ ਹੈ। ਅੱਜ ਜੋ ਦੇਸ਼ ਦੇ ਹਾਲਾਤ ਹਨ, ਉਸ ਦਾ ਸਾਹਮਣਾ ਕਰਨ ਲਈ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਸੰਘਰਸ਼ ਉਲੀਕੇ ਜਾਣ ਅਤੇ ਲੜਾਈ ਰਲ-ਮਿਲ ਕੇ ਹੀ ਜਿੱਤੀ ਜਾ ਸਕਦੀ ਹੈ। ਬੁਲਾਰਿਆਂ ਕਿਹਾ ਕਿ ਸਾਥੀ ਸੁੱਜੋਂ ਮਜ਼ਦੂਰਾਂ, ਕਿਸਾਨਾਂ, ਕਿਰਤੀਆਂ ਦੇ ਸਾਂਝੇ ਆਗੂ ਸਨ। ਕਾਮਰੇਡ ਸੁੱਜੋਂ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨਾਲ ਰਲ ਕੇ ਲੜਾਈ ਲੜੀ ਅਤੇ ਅਜ਼ਾਦੀ ਤੋਂ ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਹੱਕਾਂ ਲਈ ਅਨੇਕਾਂ ਹੀ ਸੰਘਰਸ਼ ਕੀਤੇ, ਕਤਲ ਦਾ ਮੁਕੱਦਮਾ ਵੀ ਝੱਲਿਆ ਅਤੇ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਨਵਾਂ ਸ਼ਹਿਰ ਵਿਖੇ 10 ਮਰਲੇ ਦਾ ਪਲਾਟ ਖਰੀਦ ਕੇ ਸੀ ਪੀ ਆਈ ਦਾ ਦਫਤਰ ਬਣਾਇਆ ਅਤੇ ਫਰਨੀਚਰ ਆਦਿ ਦਾ ਵੀ ਖੁਦ ਹੀ ਇੰਤਜ਼ਾਮ ਕੀਤਾ। ਸਾਥੀ ਸੁੱਜੋਂ ਆਖ਼ਰੀ ਸਾਹਾਂ ਤੱਕ ਆਪਣੀ ਪੈਨਸ਼ਨ ਦਾ ਬਹੁਤਾ ਹਿੱਸਾ ਪਾਰਟੀ ਦਫਤਰ ਅਤੇ ਪਾਰਟੀ ਦੇ ਕੰਮਾਂ ’ਤੇ ਹੀ ਖਰਚਦੇ ਸਨ। ਕਾਮਰੇਡ ਸੁੱਜੋਂ ਨੇ ਲਾਲ ਝੰਡੇ ਦੀ ਗੁੜ੍ਹਤੀ ਆਪਣੇ ਬੱਚਿਆਂ ਨੂੰ ਵੀ ਦਿੱਤੀ।ਅੱਜ ਵੀ ਸਾਰਾ ਪਰਵਾਰ ਮਾਤਾ ਮਹਿੰਦਰ ਕੌਰ ਸੁੱਜੋਂ, ਨਰਿੰਦਰ ਸਿੰਘ ਸੁੱਜੋਂ, ਕੁਲਦੀਪ ਸਿੰਘ ਸੁੱਜੋਂ, ਨਰਜੀਤ ਸਿੰਘ ਸੁੱਜੋਂ ਨੇ ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਲਾਲ ਝੰਡਾ ਉੱਚਾ ਚੁੱਕਿਆ ਹੈ ਅਤੇ ਪਾਰਟੀ ਦੇ ਹਰੇਕ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਪਾਉਦੇ ਹਨ।
ਕੇਂਦਰ ਸਰਕਾਰ ਬਾਰੇ ਬੁਲਾਰਿਆਂ ਨੇ ਕਿਹਾ ਕਿ 2014 ’ਚ ਮੋਦੀ ਸਰਕਾਰ ਆਉਣ ਨਾਲ ਦੇਸ਼ ’ਚ ਧਰਮ ਨਿਰਪੱਖਤਾ ਨੂੰ ਖਤਰਾ ਪੈਦਾ ਹੋ ਗਿਆ ਹੈ। ਆਰ ਐੱਸ ਐੱਸ ਦੇ ਇਸ਼ਾਰੇ ’ਤੇ ਮੋਦੀ ਸਰਕਾਰ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਬਿਨਾਂ ਕਾਰਨ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਪਾਰਲੀਮੈਂਟ ’ਚ ਬਿਨਾਂ ਬਹਿਸ ਦੇ ਬਿੱਲ ਪਾਸ ਹੋ ਰਹੇ ਹਨ। ਜਿਹੜੇ ਲੋਕ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸੀ ਬੀ ਆਈ ਅਤੇ ਹੋਰ ਏਜੰਸੀਆਂ ਰਾਹੀਂ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਪਾਕਿਸਤਾਨ ਜਾਣ ਲਈ ਕਿਹਾ ਜਾ ਰਿਹਾ ਹੈ। ਅੱਜ ਦੇਸ਼ ਦਾ ਸੰਵਿਧਾਨ ਖਤਰੇ ’ਚ ਹੈ। ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਇੱਕ ਦੇਸ਼ ਇੱਕ ਚੋਣ ਦਾ ਫਾਰਮੂਲਾ ਦੇਸ਼ ਲਈ ਘਾਤਕ ਹੈ।ਫਿਰਕਾਪ੍ਰਸਤ ਤਾਕਤਾਂ ਦਾ ਟਾਕਰਾ ਕਰਨ ਲਈ ਕਮਿਊਨਿਸਟ ਪਾਰਟੀਆਂ ਦਾ ਇਕੱਠੀਆਂ ਹੋਣਾ ਜ਼ਰੂਰੀ ਹੈ। ਅਸੀਂ ਇਕੱਠੇ ਹੋਵਾਂਗੇ ਤਾਂ ਦੇਸ਼ ਭਗਤ ਲੋਕ, ਸੈਕੂਲਰ ਲੋਕ ਸਾਡੇ ਨਾਲ ਅਉਣਗੇ ਅਤੇ ਅਸੀਂ ਮਜ਼ਬੂਤ ਹੋਵਾਂਗੇ।
ਸੀ ਪੀ ਆਈ ਆਗੂ ਹਰਦੇਵ ਅਰਸ਼ੀ ਨੇ ਕਿਹਾ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਤੋਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 14 ਅਪ੍ਰੈਲ ਤੱਕ ਪਾਰਟੀ ਪਾਰਟੀ ਵੱਲੋਂ ਜਥਾ ਮਾਰਚ ਕੀਤਾ ਜਾਵੇਗਾ। ਸੰਵਿਧਾਨ ਬਚਾਉਣ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਅਰਸ਼ੀ ਨੇ ਕਿਹਾ ਕਿ ਸੀ ਪੀ ਆਈ ਦਾ 25ਵਾਂ ਮਹਾਂ ਸੰਮੇਲਨ ਪੰਜਾਬ ਵਿੱਚ ਹੋਣ ਜਾ ਰਿਹਾ ਹੈ। ਇਸ ਮਹਾਂ ਸੰਮੇਲਨ ’ਚ ਦੇਸ਼ ਅਤੇ ਵਿਦੇਸ਼ ਤੋਂ ਲਗਭਗ 1000 ਡੈਲੀਗੇਟ ਹਿੱਸਾ ਲੈਣਗੇ। ਉਹਨਾ ਸਾਰੇ ਸਾਥੀਆਂ ਨੂੰ ਹੁਣ ਤੋਂ ਹੀ ਤਿਆਰੀ ਕਰਨ ਲਈ ਕਿਹਾ। ਪੰਜਾਬ ਸਰਕਾਰ ਬਾਰੇ ਆਗੂਆਂ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਨਾਂਅ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ, ਪਰ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਜਥੇਬੰਦੀਆਂ ਨੂੰ ਸਮਾਂ ਦੇ ਕੇ ਵੀ ਨਹੀਂ ਮਿਲਦੇ। ਅੱਜ ਦੇਸ਼ ਦੇ ਕਿਰਤੀ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣ ਤੇ ਦੇਸ਼ ਦੀ ਭਲਾਈ ਲਈ ਖੱਬੀਆਂ ਪਾਰਟੀਆਂ ਦਾ ਏਕਾ ਜ਼ਰੂਰੀ ਹੈ। ਸਟੇਜ ਸਕੱਤਰ ਦੀ ਭੂਮਿਕਾ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਨਿਭਾਈ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨਰੰਜਣ ਦਾਸ ਮੇਹਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਮਾਤਾ ਮਹਿੰਦਰ ਕੌਰ ਸੁੱਜੋਂ, ਨਰਿੰਦਰ ਸਿੰਘ ਸੁੱਜੋਂ, ਕੁਲਦੀਪ ਸਿੰਘ ਸੁੱਜੋਂ, ਸਤਨਾਮ ਸਿੰਘ ਸੁੱਜੋਂ, ਜਸਵਿੰਦਰ ਸਿੰਘ ਭੰਗਲ, ਜੁਝਾਰ ਸਿੰਘ, ਅਮਰਜੀਤ ਮੇਹਲੀ, ਵੀਨਾ ਰਾਣੀ ਰਾਹੋਂ, ਜਰਨੈਲ ਸਿੰਘ ਪਨਾਮ, ਰਾਜ ਕੁਮਾਰ ਸੋਢੀ, ਰਾਣਾ ਪਿੰਦੂ ਬਲਾਚੌਰ, ਧਰਮਪਾਲ ਬਲਾਚੌਰ ਆਦਿ ਹਾਜ਼ਰ ਸਨ।