ਕੋਲੰਬੋ : ਅਡਾਨੀ ਗ੍ਰੀਨ ਐਨਰਜੀ ਨੇ ਸ੍ਰੀਲੰਕਾ ’ਚ ਦੋ ਪ੍ਰਸਤਾਵਤ ਵਿੰਡ ਪਾਵਰ ਪ੍ਰੋਜੈਕਟ ਛੱਡਣ ਦਾ ਫੈਸਲਾ ਕੀਤਾ ਹੈ। ਸ੍ਰੀਲੰਕਾ ਵੱਲੋਂ ਹਵਾ ਨਾਲ ਬਣਨ ਵਾਲੀ ਬਿਜਲੀ ਦੇ ਰੇਟ ਘਟਾਉਣ ਦੀ ਗੱਲ ਕਹਿਣ ਦੇ ਦੋ ਹਫਤੇ ਬਾਅਦ ਕੰਪਨੀ ਨੇ ਵੀਰਵਾਰ ਇਹ ਐਲਾਨ ਕੀਤਾ।
ਅਡਾਨੀ ਗਰੁੱਪ ਵੱਲੋਂ ਭਾਰਤ ਵਿੱਚ ਬਿਜਲੀ ਆਰਡਰ ਹਾਸਲ ਕਰਨ ਲਈ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਅਮਰੀਕੀ ਅਧਿਕਾਰੀਆਂ ਵੱਲੋਂ ਨਵੰਬਰ ’ਚ ਲਾਏ ਗਏ ਦੋਸ਼ਾਂ ਤੋਂ ਬਾਅਦ ਸ੍ਰੀਲੰਕਾ ਸਰਕਾਰ ਨੇ ਅਡਾਨੀ ਗਰੁੱਪ ਦੇ ਪ੍ਰੋਜੈਕਟਾਂ ’ਤੇ ਨਜ਼ਰਸਾਨੀ ਸ਼ੁਰੂ ਕਰ ਦਿੱਤੀ ਸੀ। ਪਿਛਲੇ ਹਫਤੇ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਅਡਾਨੀ ਗਰੁੱਪ ਨਾਲ ਰੇਟ ਘਟਾਉਣ ਲਈ ਗੱਲਬਾਤ ਸ਼ੁਰੂ ਕੀਤੀ ਹੈ। ਇੱਕ ਅਰਬ ਡਾਲਰ ਨਾਲ ਕਾਇਮ ਹੋਣ ਵਾਲੇ ਦੋ ਪ੍ਰੋਜੈਕਟਾਂ ਤੋਂ ਪਿਛਲੀ ਸਰਕਾਰ ਨੇ 0.08 ਡਾਲਰ ਪ੍ਰਤੀ ਕਿੱਲੋਵਾਟ-ਘੰਟਾ ਦੇ ਰੇਟ ’ਤੇ ਬਿਜਲੀ ਲੈਣ ਦਾ ਸਮਝੌਤਾ ਕੀਤਾ ਸੀ ਤੇ ਨਵੀਂ ਸਰਕਾਰ ਚਾਹੁੰਦੀ ਸੀ ਕਿ ਰੇਟ 0.06 ਡਾਲਰ ਜਾਂ ਇਸ ਤੋਂ ਘੱਟ ਕੀਤਾ ਜਾਵੇ। ਅਡਾਨੀ ਦੇ ਬੁਲਾਰੇ ਨੇ ਕਿਹਾ ਕਿ ਜੇ ਰੇਟ ਘਟਾਇਆ ਤਾਂ ਉਨ੍ਹਾਂ ਲਈ ਪ੍ਰੋਜੈਕਟ ਲਾਉਣ ਦਾ ਕੋਈ ਫਾਇਦਾ ਨਹੀਂ ਹੋਣਾ।





