ਮਹਾਕੁੰਭ ਜਾਂਦਿਆਂ ਤੇ ਪਰਤਦਿਆਂ ਹਾਦਸਿਆਂ ’ਚ 14 ਮੌਤਾਂ

0
89

ਪ੍ਰਯਾਗਰਾਜ : ਯੂ ਪੀ ਦੇ ਪ੍ਰਯਾਗਰਾਜ ਵਿੱਚ ਮਹਾਕੰੁਭ ਮੇਲੇ ਲਈ ਜਾ ਰਹੇ 10 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ, ਜਦੋਂ ਸਨਿੱਚਰਵਾਰ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇ ’ਤੇ ਮੇਜਾ ਇਲਾਕੇ ’ਚ ਕਾਰ ਤੇ ਬੱਸ ਦੀ ਟੱਕਰ ਹੋ ਗਈ। ਸ਼ਰਧਾਲੂ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਤਿ੍ਰਵੇਣੀ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਜਾ ਰਹੇ ਸਨ। ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿੱਚ ਪ੍ਰਯਾਗਰਾਜ ਦੇ ਮਹਾਂਕੁੰਭ ਤੋਂ 10 ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆ ਰਹੀ ਸੈਲਾਨੀ ਵੈਨ ਦੇ ਹਾਈਵੇ ’ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਇਹ ਹਾਦਸਾ ਇੰਦੌਰ-ਅਹਿਮਦਾਬਾਦ ਹਾਈਵੇ ’ਤੇ ਲਿਮਖੇੜਾ ਨੇੜੇ ਸਨਿੱਚਰਵਾਰ ਵੱਡੇ ਤੜਕੇ 2.15 ਵਜੇ ਦੇ ਕਰੀਬ ਵਾਪਰਿਆ। ਸ਼ਰਧਾਲੂ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਅਤੇ ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ਦੇ ਰਹਿਣ ਵਾਲੇ ਸਨ। ਮਹਾਕੁੰਭ ਤੋਂ ਪਰਤ ਰਹੇ ਰਾਜਸਥਾਨ ਦੇ ਨਾਗੌਰ ਦੇ 33 ਸਾਲਾ ਪਵਨ ਸ਼ਰਮਾ ਦੀ ਲਖਨਊ-ਆਗਰਾ ਐੱਕਸਪ੍ਰੈੱਸ ਵੇਅ ’ਤੇ ਬੱਸ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ। ਬਾਕੀ ਯਾਤਰੀਆਂ ਸੁਰੱਖਿਅਤ ਹਨ। 52 ਯਾਤਰੀ ਸੰਗਮ ’ਚ ਇਸ਼ਨਾਨ ਕਰਨ ਤੋਂ ਬਾਅਦ ਅਯੁੱਧਿਆ ਗਏ ਅਤੇ ਉਥੋਂ ਵਾਪਸ ਪਰਤ ਰਹੇ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਸ਼ਰਮਾ, ਜੋ ਸੌਂ ਰਿਹਾ ਸੀ, ਦੀ ਬੱਸ ਦੇ ਅੰਦਰ ਫਸਣ ਕਾਰਨ ਮੌਤ ਹੋ ਗਈ।