ਦਿੱਲੀ ਨਗਰ ਨਿਗਮ ਵੀ ‘ਆਪ’ ਤੋਂ ਖੁੱਸਣ ਲੱਗੀ

0
112

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਹੁਣ ਦਿੱਲੀ ਮਿਉਂਸਪਲ ਕਾਰਪੋਰੇਸ਼ਨ (ਐੱਮ ਸੀ ਡੀ) ਵਿੱਚ ਵੀ ਭਾਜਪਾ ਭਾਰੂ ਪੈ ਸਕਦੀ ਹੈ। ਸਨਿੱਚਰਵਾਰ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਜਿਹੇ ਕਿਆਸ ਲਾਏ ਜਾ ਰਹੇ ਹਨ। ਨਗਰ ਨਿਗਮ ਵਿਚ ਕੁੱਲ ਢਾਈ ਸੌ ਕੌਂਸਲਰ ਹਨ। ‘ਆਪ’ ਦੇ 121 ਵਿੱਚੋਂ ਤਿੰਨ ਕੌਂਸਲਰਾਂ ਨੇ ਵਿਧਾਨ ਸਭਾ ਚੋਣ ਜਿੱਤੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ 118 ਕੌਂਸਲਰ ਰਹਿ ਗਏ। ਦੂਜੇ ਪਾਸੇ ਭਾਜਪਾ ਦੇ 120 ਕੌਂਸਲਰਾਂ ਵਿੱਚੋਂ ਅੱਠ ਨੇ ਵਿਧਾਨ ਸਭਾ ਚੋਣ ਜਿੱਤੀ, ਜਿਸ ਨਾਲ ਭਗਵਾਂ ਪਾਰਟੀ ਦੇ 112 ਕੌਂਸਲਰ ਰਹਿ ਗਏ ਹਨ। ਹੁਣ ਆਪ ਦੇ ਤਿੰਨ ਕੌਂਸਲਰਾਂ ਵੱਲੋਂ ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਆਪ ਕੋਲ 115 ਤੇ ਭਾਜਪਾ ਕੋਲ ਵੀ 115 ਕੌਂਸਲਰ ਰਹਿ ਚੁੱਕੇ ਹਨ। ਨਿਗਮ ਦੀਆਂ ਵੋਟਾਂ ਅਪਰੈਲ ਵਿੱਚ ਪੈਣੀਆਂ ਹਨ। ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਇਨ੍ਹਾਂ ਚੋਣਾਂ ਵਿਚ ਵੀ ਭਾਜਪਾ ਜੇਤੂ ਰਹਿ ਸਕਦੀ ਹੈ। ਦਿੱਲੀ ਵਿਚ ਪਿਛਲੀ ਵਾਰ ਮੇਅਰ ਦੀ ਚੋਣ ਨਵੰਬਰ 2024 ਵਿੱਚ ਹੋਈ ਸੀ ਤੇ ਇਹ ਕਾਰਜਕਾਲ ਪੰਜ ਮਹੀਨੇ ਦਾ ਹੈ, ਕਿਉਂਕਿ ਦਿੱਲੀ ਵਿਚ ਹਰ ਸਾਲ ਮੇਅਰ ਦੀ ਚੋਣ ਅਪਰੈਲ ਵਿੱਚ ਹੀ ਹੁੰਦੀ ਹੈ।