ਓਪਨ ਏ ਆਈ ਨੇ ਮਸਕ ਦੀ ਪੇਸ਼ਕਸ਼ ਠੁਕਰਾਈ

0
78

ਸਾਂ ਫਰਾਂਸਿਸਕੋ : ਸੈਮ ਓਲਟਮੈਨ ਵੱਲੋਂ ਚਲਾਏ ਜਾ ਰਹੇ ਓਪਨ ਏ ਆਈ ਨੇ ਸਨਿੱਚਰਵਾਰ ਅਰਬਪਤੀ ਐਲਨ ਮਸਕ ਵੱਲੋਂ ਕੰਪਨੀ ਨੂੰ 97.4 ਅਰਬ ਡਾਲਰ ਵਿੱਚ ਖਰੀਦਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਬਿਆਨ ਵਿੱਚ ਓਪਨ ਏ ਆਈ ਦੇ ਬ੍ਰੇਟ ਟੇਲਰ ਨੇ ਮਸਕ ਦੀ ਬੋਲੀ ਨੂੰ ਉਸ ਦੇ ਮੁਕਾਬਲੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਿਹਾ। ਟੇਲਰ ਨੇ ਪੋਸਟ ਕੀਤਾ ਕਿ ਓਪਨ ਏ ਆਈ ਵਿਕਾਊ ਨਹੀਂ ਹੈ ਅਤੇ ਬੋਰਡ ਨੇ ਸਰਬਸੰਮਤੀ ਨਾਲ ਮਿਸਟਰ ਮਸਕ ਦੇ ਆਪਣੇ ਮੁਕਾਬਲੇ ਵਿੱਚ ਵਿਘਨ ਪਾਉਣ ਦੀ ਤਾਜ਼ਾ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਹੈ। ਬੋਰਡ ਆਫ਼ ਡਾਇਰੈਕਟਰਜ਼ ਦੀ ਤਰਫ਼ੋਂ ਟੇਲਰ ਨੇ ਕਿਹਾ ਕਿ ਓਪਨ ਏ ਆਈ ਦਾ ਕੋਈ ਵੀ ਸੰਭਾਵੀ ਪੁਨਰਗਠਨ, ਇਸ ਦੀ ਗੈਰ-ਲਾਭਕਾਰੀ ਸੰਸਥਾ ਅਤੇ ਏ ਜੀ ਆਈ ਨੂੰ ਪੂਰੀ ਮਨੁੱਖਤਾ ਦੇ ਲਾਭ ਨੂੰ ਯਕੀਨੀ ਬਣਾਉਣ ਲਈ ਇਸ ਦੇ ਮਿਸ਼ਨ ਨੂੰ ਮਜ਼ਬੂਤ ਕਰੇਗਾ। ਰਿਪੋਰਟਾਂ ਅਨੁਸਾਰ ਓਪਨ ਏ ਆਈ ਨੇ ਮਸਕ ਦੇ ਵਕੀਲ ਨੂੰ ਇੱਕ ਪੱਤਰ ਵੀ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੋਲੀ ਉਸ ਦੇ ਮਿਸ਼ਨ ਦੇ ਸਰਵੋਤਮ ਹਿੱਤ ਵਿੱਚ ਨਹੀਂ ਸੀ।
ਮੁਕਾਬਲੇ ਪਿੱਛੋਂ 3 ਗੈਂਗਸਟਰ ਕਾਬੂ
ਤਰਨ ਤਾਰਨ : ਨੇੜਲੇ ਪਿੰਡ ਭੁੱਲਰ ਵਿੱਚ ਸਨਿੱਚਰਵਾਰ ਵੱਡੇ ਤੜਕੇ ਪੁਲਸ ਨੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਲੰਡਾ ਹਰੀਕੇ ਗਰੋਹ ਦੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਜਦੋਂ ਇਨ੍ਹਾਂ ਨੂੰ ਘੇਰਾ ਪਾਇਆ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ।
ਪੂਜਾ ਅਸਥਾਨ ਐਕਟ ਬਾਰੇ ਪਟੀਸ਼ਨਾਂ ਦੀ ਸੁਣਵਾਈ ਭਲਕੇ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੈ ਕੁਮਾਰ ਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਪੂਜਾ ਅਸਥਾਨ (ਵਿਸ਼ੇਸ਼ ਵਿਵਸਥਾਵਾਂ) ਐਕਟ 1991 ਨਾਲ ਜੁੜੇ ਫ਼ਿਕਰਾਂ ਬਾਰੇ ਪਟੀਸ਼ਨਾਂ ’ਤੇੇ 17 ਫਰਵਰੀ ਨੂੰ ਸੁਣਵਾਈ ਕਰੇਗੀ। ਐਕਟ ਕਿਸੇ ਵੀ ਪੂਜਾ ਅਸਥਾਨ ਨੂੰ ਬਦਲਣ ’ਤੇ ਪਾਬੰਦੀ ਲਗਾਉਂਦਾ ਹੈ ਅਤੇ ਕਿਸੇ ਵੀ ਪੂਜਾ ਅਸਥਾਨ ਦੇ ਧਾਰਮਕ ਕਿਰਦਾਰ ਨੂੰ 15 ਅਗਸਤ 1947 ਦੀ ਸਥਿਤੀ ਮੁਤਾਬਕ ਬਣਾਈ ਰੱਖਣ ਦੀ ਵਿਵਸਥਾ ਕਰਦਾ ਹੈ। ਅਯੁੱਧਿਆ ਵਿੱਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮੁੱਦੇ ਨਾਲ ਸੰਬੰਧਤ ਵਿਵਾਦ ਨੂੰ ਹਾਲਾਂਕਿ ਇਸ ਐਕਟ ਦੇ ਦਾਇਰੇ ’ਚੋਂ ਬਾਹਰ ਰੱਖਿਆ ਗਿਆ ਸੀ। ਸੁਪਰੀਮ ਕੋਰਟ ਵਿੱਚ ਦਾਇਰ ਕੁਝ ਪਟੀਸ਼ਨਾਂ ’ਚ 1991 ਦੇ ਕਾਨੂੰਨ ਦੇ ਕੁਝ ਉਪਬੰਧਾਂ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ।