ਪ੍ਰਯਾਗਰਾਜ ਐੱਕਸਪ੍ਰੈੱਸ ਤੇ ਪ੍ਰਯਾਗਰਾਜ ਸਪੈਸ਼ਲ ਦੇ ਚੱਕਰ ’ਚ ਗਈਆਂ 18 ਜਾਨਾਂ!

0
136

ਨਵੀਂ ਦਿੱਲੀ : ਇਥੋਂ ਦੇ ਰੇਲਵੇ ਸਟੇਸ਼ਨ ’ਤੇ ਸਨਿੱਚਰਵਾਰ ਰਾਤ ਭਗਦੜ ਮਚਣ ਕਾਰਨ 18 ਜਣਿਆਂ ਦੀ ਮੌਤ ਹੋ ਜਾਣ ਤੋਂ ਇਕ ਦਿਨ ਬਾਅਦ ਐਤਵਾਰ ਵੀ ਸਟੇਸ਼ਨ ’ਤੇ ਕਾਫੀ ਭੀੜ ਜੁੜੀ। ਲਗਭਗ ਸਾਰੇ ਹੀ ਪਲੇਟਫਾਰਮਾਂ ’ਤੇ ਦੁਪਹਿਰ ਵੇਲੇ ਆਮ ਨਾਲੋਂ ਜ਼ਿਆਦਾ ਲੋਕ ਦੇਖਣ ਨੂੰ ਮਿਲੇ।
ਦਿੱਲੀ ਪੁਲਸ ਨੇ ਕਿਹਾ ਹੈ ਕਿ ਭਗਦੜ ਟਰੇਨਾਂ ਦੇ ਨਾਂਅ ‘ਪ੍ਰਯਾਗਰਾਜ’ ਤੋਂ ਹੋਣ ਕਾਰਨ ਪੈਦਾ ਹੋਏ ਭੰਬਲਭੂਸੇ ਕਾਰਨ ਮਚੀ। ਪ੍ਰਯਾਗਰਾਜ ਐੱਕਸਪ੍ਰੈੱਸ ਪਲੇਟਫਾਰਮ ਨੰਬਰ 14 ’ਤੇ ਖੜ੍ਹੀ ਸੀ। ਇਸੇ ਦੌਰਾਨ ਅਨਾਊਂਸਮੈਂਟ ਹੋਈ ਕਿ ਪ੍ਰਯਾਗਰਾਜ ਸਪੈਸ਼ਲ ਪਲੇਟਫਾਰਮ ਨੰਬਰ 16 ’ਤੇ ਆ ਰਹੀ ਹੈ। ਜਿਹੜੇ ਲੋਕ ਪਲੇਟਫਾਰਮ ਨੰਬਰ 14 ਵਾਲੀ ਟਰੇਨ ਤੱਕ ਨਹੀਂ ਪੁੱਜ ਸਕੇ, ਉਹ ਪ੍ਰਯਾਗਰਾਜ ਸੁਣ ਕੇ ਪਲੇਟਫਾਰਮ ਨੰਬਰ 16 ਵੱਲ ਭੱਜੇ ਤੇ ਭਗਦੜ ਮਚ ਗਈ। ਇਸ ਤੋਂ ਇਲਾਵਾ ਪ੍ਰਯਾਗਰਾਜ ਵੱਲ ਚਾਰ ਟਰੇਨਾਂ ਜਾਣੀਆਂ ਸਨ ਤੇ ਉਨ੍ਹਾਂ ਵਿੱਚੋਂ ਤਿੰਨ ਲੇਟ ਹੋ ਗਈਆਂ, ਨਤੀਜੇ ਵਜੋਂ ਅਣਕਿਆਸੀ ਭੀੜ ਹੋ ਗਈ।
ਰੇਲਵੇ ਨੇ ਜਾਂਚ ਲਈ ਦੋ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਉਤਰੀ ਰੇਲਵੇ ਦੇ ਪਿ੍ਰੰਸੀਪਲ ਚੀਫ ਕਮਰਸ਼ੀਅਲ ਮੈਨੇਜਰ ਨਰਸਿੰਘ ਦਿਓ ਅਤੇ ਪਿ੍ਰੰਸੀਪਲ ਚੀਫ ਸਕਿਉਰਟੀ ਕਮਿਸ਼ਨਰ ਪੰਕਜ ਗੰਗਵਾਰ ਸ਼ਾਮਲ ਹਨ। ਜਾਂਚ ਦੇ ਹਿੱਸੇ ਵਜੋਂ ਕਮੇਟੀ ਨੇ ਰੇਲਵੇ ਸਟੇਸ਼ਨ ਤੋਂ ਸਾਰੇ ਵੀਡੀਓਜ਼ ਦੀ ਫੁਟੇਜ਼ ਤੇ ਹੋਰ ਰਿਕਾਰਡ ਸੀਲ ਕਰ ਦਿੱਤਾ ਹੈ।
ਦਿੱਲੀ ਪੁਲਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੀ ਸੀ ਟੀ ਵੀ ਫੁਟੇਜ਼ ਅਤੇ ਉਸ ਦੌਰਾਨ ਕੀਤੇ ਗਏ ਐਲਾਨਾਂ ਦਾ ਸਾਰਾ ਡਾਟਾ ਇਕੱਠਾ ਕਰੇਗੀ। ਇਸ ਭਗਦੜ ਵਿਚ ਰੇਲਵੇ ਦੀ ਵੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਕਿ ਏਨੀ ਵੱਡੀ ਭੀੜ ਨੂੰ ਕਾਬੂ ਕਰਨ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਤੇ ਨਾ ਹੀ ਲੋਕਾਂ ਦੇ ਵੱਧ ਗਿਣਤੀ ਵਿਚ ਇਕੱਠੇ ਹੋਣ ’ਤੇ ਪੁਲਸ ਪ੍ਰਸ਼ਾਸਨ ਨੇ ਕੋਈ ਅਗਾਊਂ ਇੰਤਜ਼ਾਮ ਕੀਤੇ। ਭਾਰਤੀ ਰੇਲਵੇ ਨੇ ਜਾਨਾਂ ਗਵਾਉਣ ਵਾਲੇ ਮਿ੍ਰਤਕਾਂ ਦੇ ਪਰਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖਮੀਆਂ ਨੂੰ ਢਾਈ-ਢਾਈ ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ ਲੱਖ-ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।