‘ਜਦੋਂ ਮੁਸ਼ਕਲ ’ਚ ਹੁੰਦੀ ਹਾਂ, ਕਿਤਾਬਾਂ ਖੋਲ੍ਹ ਲੈਂਦੀ ਹਾਂ’

0
49

ਸ਼ਾਹਕੋਟ (ਗਿਆਨ ਸੈਦਪੁਰੀ)
ਲੇਖਕ ਤੇ ਚਿੰਤਕ ਲਾਲ ਸਿੰਘ ਸੁਲਹਾਣੀ ਦੀ ਲਿਖੀ ਕਿਤਾਬ ‘ਸਾਹਿਬ ਸ੍ਰੀ ਕਾਸ਼ੀ ਰਾਮ ਤੇ ਪੰਥਕ ਆਗੂ’ ਦਾ ਲੋਕ ਅਰਪਣ ਸਮਾਗਮ ਚਿਰਾਂ ਤੱਕ ਚੇਤਿਆਂ ਵਿੱਚ ਵਸਦਾ ਰਹੇਗਾ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਸਮਾਜਕ ਚਿੰਤਕ ਅਤੇ ਬਸਪਾ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਅੱਜ ਦੀ ਆਵਾਜ਼ ਦੇ ਸਾਬਕਾ ਪ੍ਰਬੰਧਕੀ ਸੰਪਾਦਕ ਗੁਰਦੀਪ ਸਿੰਘ ਬਠਿੰਡਾ ਨੇ ਕੀਤੀ। ਕਿਤਾਬ ’ਤੇ ਚਰਚਾ ਕਰਨ ਲਈ ਸਾਬਕਾ ਜਾਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਫਤਿਹ ਜੰਗ ਸਿੰਘ ਚੰਡੀਗੜ੍ਹ, ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਸਾਬਕਾ ਸਿੱਖਿਆ ਅਧਿਕਾਰੀ ਓਮ ਪ੍ਰਕਾਸ਼ ਸਰੋਏ ਸਮਾਗਮ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਲਾਇਬਰੇਰੀ, ਮਿਊਂਸਪਲ ਪਾਰਕ ਫ਼ਿਰੋਜ਼ਪੁਰ ਵਿਖੇ ਹੋਏ ਸਮਾਗਮ ਵਿੱਚ ਜਿੱਥੇ ਸਾਹਿਤਕ ਗੱਲਾਂ ਹੋਈਆਂ, ਉੱਥੇ ਸਮਾਜਿਕ ਤੇ ਸਿਆਸੀ ਸਰੋਕਾਰਾਂ ’ਤੇ ਵੀ ਚਿੰਤਨ ਹੋਇਆ। ਲੋਕ ਚੇਤਨਾ ਵਿਕਾਸ ਮੰਚ (ਰਜਿ.) ਵੱਲੋਂ ਸ਼ਬਦ ਸੱਭਿਆਚਾਰ ਨੂੰ ਸਮਰਪਿਤ ਇਸ ਸਮਾਗਮ ਵਿੱਚ ਸ਼ਾਮਲ ਅਦੀਬਾਂ, ਸਿਆਸੀ ਤੇ ਸਮਾਜਿਕ ਕਾਰਕੁਨਾਂ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਸਵਾਗਤੀ ਸ਼ਬਦ ਬੋਲਦਿਆਂ ਮੁੱਖ ਮਹਿਮਾਨ ਅਤੇ ਦੂਸਰੇ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਸੰਬੰਧਤ ਕਿਤਾਬ ਦੇ ਕਰਤਾ ਦੀ ਅਧਿਆਪਕਾ ਬੇਟੀ ਗੁਰਲਗਨ ਕੌਰ ਨੇ ਸਰੋਦੀ ਆਵਾਜ਼ ਵਿੱਚ ਵੰਦਨਾ ਵਾਣੀ ਦਾ ਲਿਖਿਆ ਗੀਤ ‘ਜਦੋਂ ਮੁਸ਼ਕਲ ’ਚ ਹੁੰਦੀ ਹਾਂ, ਕਿਤਾਬਾਂ ਖੋਲ੍ਹ ਲੈਂਦੀ ਹਾਂ,’ ਪੇਸ਼ ਕੀਤਾ ਤਾਂ ਮਹਿਸੂਸ ਹੋਇਆ ਕਿ ਲਾਇਬਰੇਰੀ ਦਾ ਚੱਪਾ-ਚੱਪਾ ਸੰਗੀਤਕ ਹੋ ਗਿਆ ਹੋਵੇ।
ਇਸੇ ਦੌਰਾਨ ਕਿਤਾਬ ਲੋਕ ਅਰਪਣ ਕੀਤੀ ਗਈ। ਸਟੇਜ ਚਲਾ ਰਹੇ ਡਾ. ਰਾਮੇਸ਼ਵਰ ਸਿੰਘ ਕਟਾਰਾ ਨੇ ਕਿਤਾਬ ’ਤੇ ਚਰਚਾ ਕਰਨ ਲਈ ਬੁਲਾਏ ਗਏ ਵਿਦਵਾਨਾਂ ਨੂੰ ਬੁਲਾਵਾ ਦੇਣ ਤੋਂ ਪਹਿਲਾਂ ਚਰਚਾ ਦੀ ਭੂਮਿਕਾ ਬੰਨ੍ਹਦਿਆਂ ਕਿਹਾ ਕਿ ਗੁਰੂ ਰਵਿਦਾਸ, ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੇ ਇਨਕਲਾਬੀ ਕਦਮ ਚੁੱਕਦਿਆਂ ਮਨੁੱਖੀ ਬਰਾਬਰਤਾ ਦੀ ਲੋਚਾ ਕੀਤੀ ਸੀ। ਇਹ ਅਜੇ ਤੱਕ ਪੂਰੀ ਨਹੀਂ ਹੋ ਸਕੀ। ਸੁਲਹਾਣੀ ਦੀ ਕਿਤਾਬ ਇਸੇ ਦਰਦ ’ਚੋਂ ਉੱਠੀ ਚੀਸ ਹੈ। ਚਰਚਾ ਨੂੰ ਅੱਗੇ ਤੋਰਦਿਆਂ ਫਤਿਹ ਜੰਗ ਸਿੰਘ ਨੇ ਲੇਖਕ ਲਾਲ ਸਿੰਘ ਸੁਲਹਾਣੀ ਦੀ ਸ਼ਖ਼ਸੀਅਤ ਦੀ ਗੱਲ ਕੀਤੀ ਅਤੇ ਕਾਂਸ਼ੀ ਰਾਮ ਦੇ ਸੰਘਰਸ਼ ਦੀ ਵੀ। ਉਨ੍ਹਾ ਬਾਦਲਾਂ ਦੀ ਬੇਈਮਾਨੀ ਦੀ ਵੀ ਬਾਤ ਪਾਈ ਅਤੇ ਕੁਝ ਪੰਥਕ ਆਗੂਆਂ ਦੇ ਦੋਗਲੇ ਕਿਰਦਾਰ ਦਾ ਵੀ ਜ਼ਿਕਰ ਕੀਤਾ ਸਮੇਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ। ਉਨ੍ਹਾ ਕਿਹਾ ਕਿ ਲੇਖਕ ਨੇ ਆਪਣੀ ਕਿਤਾਬ ਵਿੱਚ ਇਤਿਹਾਸ ਨੂੰ ਸੰਭਾਲ ਲਿਆ ਹੈ।ਸੁਲਹਾਣੀ ਨੂੰ ਜੁਗਤ ਨਾਲ ਗੱਲ ਕਰਨੀ ਆਉਦੀ ਹੈ, ਕਿਤਾਬ ਦਾ ਪੰਨਾ-ਪੰਨਾ ਇਸ ਦਾ ਗਵਾਹ ਹੈ। ਫਤਿਹ ਜੰਗ ਸਿੰਘ ਨੇ ਮਜ਼੍ਹਬੀ ਸਿੱਖ ਅਤੇ ਰਵਿਦਾਸੀਆ ਭਾਈਚਾਰੇ ਨੂੰ ਹਮਜੋਲੀ ਬਣ ਕੇ ਵਿਚਰਨ ਦਾ ਵਾਸਤਾ ਵੀ ਪਾਇਆ।
ਸੱਦੇ ਗਏ ਹੋਰ ਵਿਦਵਾਨਾਂ ਤੋਂ ਪਹਿਲਾਂ ਲਾਲ ਸਿੰਘ ਸੁਲਹਾਣੀ ਨੇ ਕਿਤਾਬ ਦੀਆਂ ਜੰਮਣ ਪੀੜਾਂ ਨੂੰ ਸੰਖੇਪ ਵਿੱਚ ਬਿਆਨ ਕੀਤਾ। ਉਨ੍ਹਾ ਕਿਹਾ ਕਿ ਕਾਂਸ਼ੀ ਰਾਮ ਦੇ ਸੰਘਰਸ਼ ਮੌਕੇ ਜੋ ਕੌੜੇ-ਮਿੱਠੇ ਤਜਰਬੇ ਹਾਸਲ ਹੋਏ, ਉਨ੍ਹਾਂ ਨੂੰ ਕਾਗਜ਼ਾਂ ’ਤੇ ਉਤਾਰ ਦਿੱਤਾ ਹੈ। ਉਨ੍ਹਾ ਦੱਸਿਆ ਕਿ ਮੇਰੇ ਮਿੱਤਰ ਗੁਰਮੀਤ ਕੜਿਆਲਵੀ ਤੇ ਹਰਮੀਤ ਵਿਦਿਆਰਥੀ ਕਿਤਾਬ ਛਪਵਾਉਣ ਲਈ ਹੁੱਝਾਂ ਮਾਰਦੇ ਰਹੇ, ਜੋ ਕੰਮ ਆਈਆਂ।ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਕਿਤਾਬ ਦੇ ਛਾਪਣ ਪਿੱਛੇ ਓਮ ਪ੍ਰਕਾਸ਼ ਸਰੋਏ ਦੀ ਮਿਹਨਤ ਹੈ। ਸੁਲਹਾਣੀ ਨੇ ਕਿਹਾ ਕਿ ਇਸ ਕਿਤਾਬ ਦੇ ਰੂਪ ਵਿੱਚ ਜੋ ਤਿਲਫੁੱਲ ਪਾਠਕਾਂ ਦੀ ਝੋਲੀ ਪਾਇਆ ਹੈ, ਉਸ ਨੂੰ ਕਿਵੇਂ ਸਵੀਕਾਰਿਆਂ ਜਾਂਦਾ ਹੈ, ਇਸ ਦਾ ਇੰਤਜ਼ਾਰ ਰਹੇਗਾ। ਉਨ੍ਹਾ ਬੇਹੱਦ ਰੁਝੇਵਿਆਂ ਦੇ ਬਾਵਜੂਦ ਸਮਾਗਮ ਵਿੱਚ ਸ਼ਾਮਲ ਹੋਣ ਲਈ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਉਚੇਚ ਨਾਲ ਧੰਨਵਾਦ ਕੀਤਾ।
ਸਾਹਿਤਕ ਖੇਤਰ ਵਿੱਚ ਵੱਡਾ ਮੁਰਾਤਬਾ ਹਾਸਲ ਕਰਨ ਵਾਲੇ ਗੁਰਮੀਤ ਕੜਿਆਲਵੀ ਨੇ ਕਿਤਾਬ ਦੇ ਸਾਹਿਤਕ ਮੁੱਲ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾ ਕਿਹਾ ਕਿ ਬਾਬੂ ਕਾਂਸ਼ੀ ਰਾਮ ਵੱਲੋਂ ਚਲਾਈ ਲਹਿਰ ਜਿਹੜੀਆਂ ਸਥਿਤੀਆਂ ਵਿੱਚੋਂ ਗੁਜ਼ਰੀ, ਕਿਤਾਬ ਉਨ੍ਹਾਂ ਦਾ ਜੀਵੰਤ ਇਤਿਹਾਸ ਹੈ।ਕਿਤਾਬ ਦੀ ਭਾਸ਼ਾ ਰਵਾਨੀ ਵਾਲੀ ਹੈ। ਕੜਿਆਲਵੀ ਨੇ ਕਿਹਾ ਕਿ ਕਿਤਾਬ ਪੜ੍ਹਦਿਆਂ ਕਈ ਪੰਥਕ ਆਗੂਆਂ ਦੀ ਅੱਖ ਦਾ ਟੀਰ ਵੀ ਨਜ਼ਰ ਆਉਦਾ ਹੈ। ਕਿਤਾਬ ਦੇ ਲੇਖਕ ਲਾਲ ਸਿੰਘ ਸੁਲਹਾਣੀ ਦੀ ਸਿਆਸੀ ਫ਼ਕੀਰੀ ਦਾ ਜ਼ਿਕਰ ਕਰਦਿਆਂ ਕੜਿਆਲਵੀ ਨੇ ਕਿਹਾ ਕਿ ਉਹ ਸਾਡੇ ਲਈ ਰਾਜਨੀਤਕ ਰਾਂਝਾ ਹੈ।
ਸੇਵਾ-ਮੁਕਤ ਸਿੱਖਿਆ ਅਧਿਕਾਰੀ ਓਮ ਪ੍ਰਕਾਸ਼ ਸਰੋਏ ਨੇ ਕਿਹਾ ਕਿ ਸੁਲਹਾਣੀ ਨੇ ਜੋ ਕੁਝ ਤਨ-ਮਨ ’ਤੇ ਹੰਢਾਇਆ ਹੈ, ਉਸੇ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ। ਉਨ੍ਹਾ ਕਿਹਾ ਕਿ ਕਿਤਾਬ ਦੇ ਟਾਇਟਲ ਤੋਂ ਹੀ ਕਾਂਸ਼ੀ ਰਾਮ ਦੀ ਪੂਰੀ ਫਿਲਾਸਫੀ ਨਜ਼ਰ ਆਉਦੀ ਹੈ। ਸਿੱਖਿਆ ਸ਼ਾਸਤਰੀ ਓਂਕਾਰ ਨਾਥ ਨੇ ਸੁਨੇਹਾ ਦਿੱਤਾ ਕਿ ਸਾਨੂੰ ਸਭ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣੇ ਚਾਹੀਦੇ ਹਨ।ਗੁਰਦੀਪ ਸਿੰਘ ਬਠਿੰਡਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੁੱਲਵਾਨ ਗੱਲਾਂ ਕੀਤੀਆਂ।ਗੁਰਬਤ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਇਹ ਕਈ ਤਰ੍ਹਾਂ ਦੀ ਹੁੰਦੀ ਹੈ।ਇਨ੍ਹਾਂ ਵਿੱਚੋਂ ਸਾਹਿਤਕ ਗੁਰਬਤ ਨੂੰ ਅਸੀਂ ਖੁਦ ਦੂਰ ਕਰ ਸਕਦੇ ਹਾਂ।
ਡਾ. ਕਰੀਮਪੁਰੀ ਨੇ ਕਿਤਾਬ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਦੇ ਲੇਖਕ ਸੁਲਹਾਣੀ ਨੇ ਵਿਚਾਰਧਾਰਕ ਵਚਨਬੱਧਤਾ ਨਿਭਾਉਣਾ ਲਈ ਸਰਕਾਰੀ ਨੌਕਰੀ ਨੂੰ ਲੱਤ ਮਾਰ ਦਿੱਤੀ ਸੀ। ਮੈਂ ਉਸੇ ਤਿਆਗ ਦਾ ਸਤਿਕਾਰ ਕਰਨ ਲਈ ਆਇਆ ਹਾਂ। ਉਨ੍ਹਾ ਕਿਹਾ ਕਿ ਬੁੱਧੀਜੀਵੀ ਹੋਣਾ ਵੱਡੀ ਗੱਲ ਨਹੀ, ਸਗੋਂ ਬੁੱਧੀ ਦੀ ਦਿਸ਼ਾ ਕੀ ਹੈ, ਇਹ ਮਹੱਤਵਪੂਰਨ ਹੈ। ਆਖ਼ਰ ਵਿੱਚ ਹਰਮੀਤ ਵਿਦਿਆਰਥੀ ਦੇ ਧੰਨਵਾਦੀ ਸ਼ਬਦ ਸਮਾਗਮ ਦੀ ਸਮੇਟਵੀਂ ਟਿੱਪਣੀ ਹੋ ਨਿੱਬੜੇ। ਉਨ੍ਹਾ ਕਿਹਾ ਕਿ ਸਮਾਜਕ, ਸਾਹਿਤਕ ਤੇ ਸਿਆਸੀ ਨੌਈਅਤ ਵਾਲੇ ਫ਼ਿਰੋਜ਼ਪੁਰ ਵਿੱਚ ਇਹ ਪਹਿਲਾ ਸਮਾਗਮ ਹੈ।