ਲੁਟੇਰਿਆਂ ਹੱਥੋਂ ਕਾਰੋਬਾਰੀ ਗੰਭੀਰ ਜ਼ਖਮੀ, ਪਤਨੀ ਦੀ ਮੌਤ

0
93

ਲੁਧਿਆਣਾ : ਸਨਿੱਚਰਵਾਰ ਅੱਧੀ ਰਾਤੇ ਚਾਰ-ਪੰਜ ਹਥਿਆਰਬੰਦ ਲੁਟੇਰਿਆਂ ਨੇ ਸ਼ਹਿਰ ਦੇ ਕਾਰੋਬਾਰੀ ਅਨੋਖ ਮਿੱਤਲ ਤੇ ਉਨ੍ਹਾ ਦੀ ਪਤਨੀ ਮਾਨਵੀ ਮਿੱਤਲ ’ਤੇ ਡੇਹਲੋਂ ਨੇੜੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਪਹਿਲਾਂ ਉਨ੍ਹਾਂ ਦੀ ਕਾਰ, ਮੋਬਾਇਲ ਤੇ ਹੋਰ ਕੀਮਤੀ ਸਮਾਨ ਲੁੱਟਿਆ ਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਨੂੰ ਅਧਮਰਿਆ ਕਰ ਕੇ ਸੁੱਟ ਗਏ। ਮਾਨਵੀ ਮਿੱਤਲ ਦੀ ਮੌਤ ਹੋ ਗਈ ਤੇ ਅਨੋਖ ਮਿੱਤਲ ਗੰਭੀਰ ਜ਼ਖ਼ਮੀ ਹੈ, ਜਿਸ ਦਾ ਡੀ ਐੱਮ ਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਕਾਰੋਬਾਰੀਆਂ ਵਿੱਚ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਕਰਨ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਕਾਰੋਬਾਰੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਨੋਖ ਮਿੱਤਲ ਨੇ ਆਪਣੇ-ਆਪ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਲੋਕਾਂ ਨੇ ਜੋੜੇ ਨੂੰ ਡੀ ਐੱਮ ਸੀ ਹਸਪਤਾਲ ਲਿਆਂਦਾ, ਜਿੱਥੇ ਮਾਨਵੀ ਮਿੱਤਲ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਦੋਵੇਂ ਮਾਲੇਰਕੋਟਲਾ-ਡੇਹਲੋਂ ਰੋਡ ’ਤੇ ਇੱਕ ਰੇਸਤਰਾਂ ਵਿੱਚ ਖਾਣਾ ਖਾ ਕੇ ਪਰਤ ਰਹੇ ਸਨ।