ਸਿੱਪੀ ਗਿੱਲ ਦੇ ਪਿਤਾ ਨਾਲ ਸਵਾ ਕਰੋੜ ਤੋਂ ਵੱਧ ਦੀ ਠੱਗੀ, 2 ਗਿ੍ਰਫਤਾਰ

0
108

ਧਰਮਕੋਟ : ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕੁਝ ਲੋਕਾਂ ਵੱਲੋਂ ਵੱਡੇ ਮੁਨਾਫੇ ਦਾ ਝਾਂਸਾ ਦੇ ਕੇ ਸਵਾ ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਚਾਰ ਜਣਿਆਂ ਖਿਲਾਫ ਕੇਸ ਦਰਜ ਕਰਕੇ ਦੋ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਠੱਗੀ ਦੀ ਰਕਮ 1,30,73,000 ਰੁਪਏ ਦੱਸੀ ਜਾ ਰਹੀ ਹੈ। ਡੀ ਐੱਸ ਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਸਿੱਪੀ ਗਿੱਲ ਦੇ ਪਿਤਾ ਜੋਗਿੰਦਰ ਸਿੰਘ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਬੈਲਰ, ਟਰੱਕ, ਟਰੈਕਟਰ, ਕਾਰਾਂ ਅਤੇ ਖੇਤੀ ਲਈ ਕੰਮ ਆਉਣ ਵਾਲੇ ਸੰਦਾਂ ਨੂੰ ਸਸਤੇ ਮੁੱਲ ਲੈ ਕੇ ਦੇਣ ਦਾ ਝਾਂਸਾ ਦਿੱਤਾ ਗਿਆ ਸੀ। ਜਸਜੀਤ ਸਿੰਘ ਉਰਫ ਪ੍ਰੈਟੀ, ਸਰਬਜੀਤ ਸਿੰਘ, ਜਗਜੀਤ ਕੌਰ ਅਤੇ ਸੰਦੀਪ ਕੌਰ ਨੇ ਹੌਲੀ-ਹੌਲੀ ਜੋਗਿੰਦਰ ਸਿੰਘ ਪਾਸੋਂ ਕਰੋੜ ਰੁਪਏ ਤੋਂ ਉਪਰ ਰਕਮ ਲੈ ਲਈ। ਠੱਗੀ ਦਾ ਪਤਾ ਚੱਲਣ ਤੋਂ ਬਾਅਦ ਪੀੜਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸੀ ਆਈ ਏ ਸਟਾਫ ਦੇ ਮੁਖੀ ਦਲਜੀਤ ਸਿੰਘ ਬਰਾੜ ਵੱਲੋਂ ਇਸ ਦੀ ਜਾਂਚ ਤੋਂ ਬਾਅਦ ਥਾਣਾ ਮਹਿਣਾ ਵਿਖੇ ਕੇਸ ਦਰਜ ਕੀਤਾ ਗਿਆ। ਜਸਜੀਤ ਸਿੰਘ ਪ੍ਰੈਟੀ ਅਤੇ ਜਗਜੀਤ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ।