ਨਵੀਂ ਦਿੱਲੀ : ਕੌਮੀ ਰਾਜਧਾਨੀ ਅਤੇ ਨੇੜਲੇ ਇਲਾਕਿਆਂ ਵਿੱਚ ਸੋਮਵਾਰ ਸਵੇਰੇ 5:36 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੁਚਾਲ ਦੀ ਸ਼ਿੱਦਤ 4.0 ਮਾਪੀ ਗਈ। ਝਟਕਿਆਂ ਕਾਰਨ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਲੋਕ ਘਰਾਂ ਵਿੱਚੋਂ ਬਾਹਰ ਆ ਗਏ। ਭੁਚਾਲ ਦਾ ਕੇਂਦਰ ਝੀਲ ਪਾਰਕ ਖੇਤਰ ਵਿੱਚ ਪੰਜ ਕਿੱਲੋਮੀਟਰ ਦੀ ਡੂੰਘਾਈ ’ਚ ਸੀ। ਝੀਲ ਪਾਰਕ ਖੇਤਰ ਵਿੱਚ ਹਰ ਦੋ ਤੋਂ ਤਿੰਨ ਸਾਲ ਵਿੱਚ ਇੱਕ ਵਾਰ ਛੋਟੇ, ਘੱਟ ਸ਼ਿੱਦਤ ਵਾਲੇ ਭੁਚਾਲ ਦੇ ਝਟਕੇ ਆਏ ਹਨ। ਸਾਲ 2015 ਵਿੱਚ ਇੱਥੇ 3.3 ਤੀਬਰਤਾ ਦਾ ਭੁਚਾਲ ਆਇਆ ਸੀ। ਇਸ ਦੌਰਾਨ ਬਿਹਾਰ ਵਿੱਚ ਵੀ ਸਵੇਰੇ 8:02 ਵਜੇ 4.0 ਦੀ ਤੀਬਰਤਾ ਵਾਲੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ ਵਿੱਚ ਭੁਚਾਲ ਦਾ ਕੇਂਦਰ ਸਿਵਾਨ ’ਚ 10 ਕਿੱਲੋਮੀਟਰ ਦੀ ਡੂੰਘਾਈ ’ਚ ਸੀ।
ਹਾਈ ਕੋਰਟ ਨੂੰ ਮਿਲੇ ਦੋ ਨਵੇਂ ਜੱਜ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਸੋਮਵਾਰ ਹਰਮੀਤ ਸਿੰਘ ਗਰੇਵਾਲ ਅਤੇ ਦੀਪੇਂਦਰ ਸਿੰਘ ਨਲਵਾ ਨੂੰ ਐਡੀਸ਼ਨਲ ਜੱਜ ਵਜੋਂ ਸਹੁੰ ਚੁਕਾਈ। ਇਸ ਨਾਲ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਹਾਲਾਂਕਿ ਲੋੜੀਂਦੇ 85 ਜੱਜਾਂ ਨਾਲੋਂ ਅਜੇ ਵੀ 32 ਘੱਟ ਹਨ। ਇਸ ਸਾਲ ਤਿੰਨ ਜੱਜ ਸੇਵਾ-ਮੁਕਤ ਹੋ ਰਹੇ ਹਨ।
ਕੁੰਭ ’ਚ ਪੰਜਵੀਂ ਅੱਗ
ਪ੍ਰਯਾਗਰਾਜ : ਇੱਥੋਂ ਦੇ ਮਹਾਕੁੰਭ ਮੇਲਾ ਖੇਤਰ ਦੇ ਸੈਕਟਰ 8 ਦੇ ਇੱਕ ਖਾਲੀ ਟੈਂਟ ਵਿੱਚ ਸੋਮਵਾਰ ਅੱਗ ਲੱਗਣ ਕਾਰਨ ਦੋ ਤੰਬੂ ਸੜ ਗਏ। ਮਹਾਕੁੰਭ ਵਿੱਚ ਪਿਛਲੇ ਇਕ ਮਹੀਨੇ ’ਚ ਪੰਜ ਵਾਰ ਅੱਗ ਲੱਗੀ ਹੈ। ਇਸ ਤੋਂ ਪਹਿਲਾਂ 19 ਜਨਵਰੀ, 30 ਜਨਵਰੀ, 7 ਫਰਵਰੀ ਤੇ 15 ਫਰਵਰੀ ਨੂੰ ਅੱਗ ਲੱਗੀ ਸੀ।
ਵਿਆਹ ’ਚ ਫਾਇਰਿੰਗ, ਢਾਈ ਸਾਲ ਦੇ ਬੱਚੇ ਦੀ ਜਾਨ ਗਈ
ਨੋਇਡਾ : ਗੌਤਮਬੁੱਧ ਨਗਰ ਦੇ ਸੈਕਟਰ 49 ਥਾਣੇ ਖੇਤਰ ਦੇ ਅਗਾਹਪੁਰ ਪਿੰਡ ਵਿੱਚ ਐਤਵਾਰ ਰਾਤ ਬਰਾਤ ਵਿੱਚ ਕੀਤੀ ਗਈ ਫਾਇਰਿੰਗ ਵਿੱਚ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ। ਬਲਵੀਰ ਦੇ ਘਰ ਬਰਾਤ ਵਿੱਚ ਆਏ ਕੁਝ ਲੋਕਾਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਛੱਤ ’ਤੇ ਖੜ੍ਹੇ ਹੋ ਕੇ ਬਰਾਤ ਦੇਖ ਰਹੇ ਢਾਈ ਸਾਲ ਦੇ ਬੱਚੇ ਅੰਸ਼ ਨੂੰ ਗੋਲੀ ਲੱਗ ਗਈ। ਪੁਲਸ ਨੇ ਪਰਵਾਰਕ ਮੈਂਬਰ ਦੀ ਸ਼ਿਕਾਇਤ ’ਤੇ ਹੈਪੀ ਅਤੇ ਦੀਪਾਂਸ਼ੂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਸਨ ਅਤੇ ਗੈਰਕਾਨੂੰਨੀ ਹਥਿਆਰ ਨਾਲ ਫਾਇਰ ਕਰ ਰਹੇ ਸਨ।
ਸਕੂਲੀ ਬੱਸ ਨਹਿਰ ’ਚ ਡਿੱਗੀ
ਕੈਥਲ : ਨੌਚ ਪਿੰਡ ਵਿੱਚ ਸੋਮਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਸਤਲੁਜ-ਯਮੁਨਾ ਲਿੰਕ ਨਹਿਰ ਵਿੱਚ ਡਿੱਗਣ ਕਾਰਨ 8 ਬੱਚੇ, ਡਰਾਈਵਰ ਅਤੇ ਮਹਿਲਾ ਕੰਡਕਟਰ ਗੰਭੀਰ ਜ਼ਖਮੀ ਹੋ ਗਏ। ਪਿਹੋਵਾ ਦੀ ਗੁਰੂ ਨਾਨਕ ਅਕੈਡਮੀ ਦੀ ਬੱਸ ਪਿੰਡ ਦੇ ਡੇਰਿਆਂ (ਢਾਣੀਆਂ) ਤੋਂ ਬੱਚੇ ਲਿਆ ਰਹੀ ਸੀ। ਸਤੁਲਜ-ਯਮੁਨਾ ਲਿੰਕ ਨਹਿਰ ਦੀ ਪਟੜੀ ਤੋਂ ਲੰਘਦੇ ਸਮੇਂ ਬੱਸ ’ਚ ਕੋਈ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧੀ ਨਹਿਰ ਵਿੱਚ ਡਿੱਗ ਗਈ।
ਨਾਗੇਸ਼ਵਰ ਰਾਓ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਚੰਡੀਗੜ੍ਹ : ਜੀ ਨਾਗੇਸ਼ਵਰ ਰਾਓ ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ ਹੋਣਗੇ। ਗ੍ਰਹਿ ਮਾਮਲਿਆਂ ਬਾਰੇ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਰਾਓ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਵਰਿੰਦਰ ਕੁਮਾਰ ਦੀ ਥਾਂ ਲੈਣਗੇ।


