ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)-ਸੋਮਵਾਰ ਸਰਕਾਰੀ ਪ੍ਰਾਈਮਰੀ ਸਕੂਲ ਮਹਿੰਦੀਪੁਰ ਦੇ ਬਾਹਰ ਸੀਵਰੇਜ ਦੀ ਸਫਾਈ ਕਰਦਿਆਂ ਇਕ ਮਜ਼ਦੂਰ ਗਟਰ ਵਿਚ ਡਿੱਗ ਗਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਵਿਚ ਦੂਜਾ ਵੀ ਡਿੱਗ ਗਿਆ। ਐੱਸ ਡੀ ਐੱਮ ਸੂਬਾ ਸਿੰਘ, ਡੀ ਐੱਸ ਪੀ ਦਵਿੰਦਰ ਸਿੰਘ, ਐੱਸ ਐੱਚ ਓ ਸੁਖਪਾਲ ਸਿੰਘ, ਐੱਸ ਐੱਮ ਓ ਕੁਲਵਿੰਦਰ ਮਾਨ ਤੇ ਹੋਰਨਾਂ ਅਫਸਰਾਂ ਦੀ ਦੇਖਰੇਖ ਵਿਚ ਦੋਹਾਂ ਨੂੰ ਕਾਫੀ ਜੱਦੋਜਹਿਦ ਤੋਂ ਬਾਅਦ ਕੱਢਿਆ ਜਾ ਸਕਿਆ। ਜ਼ਹਿਰੀਲੀ ਗੈਸ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਹਾਂ ਨੇ ਦਮ ਤੋੜ ਦਿੱਤਾ। ਗੇਜਾ ਸਿੰਘ ਵਾਈਸ ਚੇਅਰਮੈਨ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸੁਰੱਖਿਆ ਕਿੱਟਾਂ ਮੁਹੱਈਆ ਨਾ ਕਰਾਉਣ ਕਾਰਨ ਦੋਹਾਂ ਮਜ਼ਦੂਰਾਂ ਦੀ ਜਾਨ ਗਈ।





