ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਕਿਹਾ ਕਿ ਸਥਾਨਕ ਪਾਰਟੀਆਂ ਜੰਮੂ ਤੇ ਕਸ਼ਮੀਰ ਦੀਆਂ ਵੋਟਰ ਸੂਚੀਆਂ ਵਿਚ ‘ਗੈਰ-ਮੁਕਾਮੀ ਵੋਟਰਾਂ ਦੀ ਸ਼ਮੂਲੀਅਤ’ ਨੂੰ ਸਵੀਕਾਰ ਨਹੀਂ ਕਰਨਗੀਆਂ। ਉਨ੍ਹਾ ਕਿਹਾ ਕਿ ਬਾਹਰਲੇ ਲੋਕਾਂ ਨੂੰ ਇਸ ਵਿਚ ਸ਼ਾਮਲ ਕਰਨ ਨਾਲ ਜੰਮੂ-ਕਸ਼ਮੀਰ ਦੀ ਪਛਾਣ ਖਤਮ ਹੋ ਜਾਵੇਗੀ। ਇਸ ਮੁੱਦੇ ਬਾਰੇ ਆਪਣੀ ਰਿਹਾਇਸ਼ ’ਤੇ ਸੱਦੀ ਸਰਬ ਪਾਰਟੀ ਮੀਟਿੰਗ ਮਗਰੋਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ ਤੇ ਇਸ ਨੂੰ ਕੋਰਟ ਵਿਚ ਵੀ ਕਾਨੂੰਨੀ ਚੁਣੌਤੀ ਦਿੱਤੀ ਜਾਵੇਗੀ।
ਅਬਦੁੱਲਾ ਦੀ ਗੁਪਕਾਰ ਇਲਾਕੇ ਵਿਚਲੀ ਰਿਹਾਇਸ਼ ’ਤੇ ਹੋਈ ਸਰਬ ਪਾਰਟੀ ਮੀਟਿੰਗ ਵਿਚ ਪੀ ਡੀ ਪੀ ਮੁਖੀ ਮਹਿਬੂਬਾ ਮੁਫਤੀ, ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਵਿਕਾਰ ਰਸੂਲ, ਸੀ ਪੀ ਐੱਮ ਆਗੂ ਐੱਮ ਵਾਈ ਤਾਰੀਗਾਮੀ ਤੇ ਸ਼ਿਵ ਸੈਨਾ ਆਗੂ ਮੌਜੂਦ ਸਨ। ਸੱਜਾਦ ਲੋਨ ਦੀ ਪੀਪਲਜ਼ ਕਾਨਫਰੰਸ ਤੇ ਅਲਤਾਫ ਬੁਖਾਰੀ ਦੀ ਅਗਵਾਈ ਵਾਲੀ ਅਪਨੀ ਪਾਰਟੀ ਨੇ ਸਰਬ ਪਾਰਟੀ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ।