ਜੰਡਿਆਲਾ ਗੁਰੂ : ਗਊਸ਼ਾਲਾ ਰੋਡ ਉੱਪਰ ਸ਼ਮਸ਼ਾਨਘਾਟ ਦੇ ਬਾਹਰ ਵੀਰਵਾਰ ਸਵੇਰੇ ਕਰੀਬ 11 ਵਜੇ ਕੁਝ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੁੰਡੇ ਨੂੰ ਜ਼ਖਮੀ ਕਰ ਦਿੱਤਾ। ਬੁੱਧਵਾਰ ਦੇਰ ਰਾਤ ਵੀ ਮਹੱਲਾ ਸ਼ੇਖੂਪੁਰਾ ਵਿੱਚ ਕੁਝ ਲੋਕਾਂ ਨੇ ਇੱਕ ਵਿਅਕਤੀ ਉੱਪਰ ਗੋਲੀਆਂ ਚਲਾਈਆਂ ਸਨ। ਜ਼ਖਮੀ ਮੁੰਡੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ 17 ਸਾਲਾ ਬੇਟਾ ਆਕਾਸ਼ਦੀਪ ਬਾਜ਼ਾਰ ਤੋਂ ਘਰ ਆ ਰਿਹਾ ਸੀ। ਜਦੋਂ ਉਹ ਘਰ ਦੇ ਬਿਲਕੁਲ ਨੇੜੇ ਸਥਿਤ ਸ਼ਮਸ਼ਾਨਘਾਟ ਦੇ ਸਾਹਮਣੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਆਏ ਪੰਜ ਬਦਮਾਸ਼ਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਉਸ ਦੇ ਪੈਰ ਵਿੱਚ ਵੱਜੀ। ਮੌਕੇ ’ਤੇ ਲੋਕਾਂ ਨੇ ਇਕੱਠੇ ਹੋ ਕੇ ਬਦਮਾਸ਼ਾਂ ਉਪਰ ਇੱਟਾਂ-ਰੋੜੇ ਵਰ੍ਹਾਏ ਤੇ ਉਹ ਇੱਕ ਮੋਟਰਸਾਈਕਲ ਸੁੱਟ ਕੇ ਫਰਾਰ ਹੋ ਗਏ। ਕਰੀਬ ਇਕ ਸਾਲ ਪਹਿਲਾਂ ਇਸੇ ਥਾਂ ’ਤੇ ਬਦਮਾਸ਼ਾਂ ਨੇ ਆਕਾਸ਼ਦੀਪ ਦੇ ਪਿਤਾ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਸ ਮੁਤਾਬਕ ਰਾਤੀਂ ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਗੋਲੀਆਂ ਚਲਾਈਆਂ ਗਈਆਂ।




