ਵੇਲੇ-ਵੇਲੇ ਦੀ ਗੱਲ

0
108

ਨਵੀਂ ਦਿੱਲੀ : ਬੱਸ ਟਾਈਮ ਟਾਈਮ ਦੀ ਗੱਲ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਕਦੇ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਰਹੀ। 1995 ਵਿਚ ਉਸ ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਚੋਣ ਲੜੀ ਤੇ ਜਨਰਲ ਸਕੱਤਰ ਬਣੀ, ਜਦੋਂਕਿ ਅਲਕਾ ਲਾਂਬਾ ਉਦੋਂ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਸੀ। ਰੇਖਾ ਗੁਪਤਾ, ਏ ਬੀ ਵੀ ਪੀ ਤੋਂ ਬਾਅਦ ਹੁਣ ਭਾਜਪਾ ਵਿੱਚ ਹੈ, ਜਦੋਂ ਕਿ ਅਲਕਾ ਲਾਂਬਾ ਆਪਣੇ ਵਿਦਿਆਰਥੀ ਜੀਵਨ ਦੌਰਾਨ ਕਾਂਗਰਸ ਵਿਦਿਆਰਥੀ ਸੰਗਠਨ ਨਾਲ ਜੁੜੀ ਹੋਈ ਸੀ। ਮਗਰੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਹੁਣ ਮੁੜ ਕਾਂਗਰਸ ਵਿੱਚ ਹੈ। ਅਲਕਾ ਲਾਂਬਾ ਨੇ ਇਸ ਮਹੀਨੇ ਵਿਧਾਨ ਸਭਾ ਚੋਣਾਂ ਵਿੱਚ ਕਾਲਕਾਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਆਤਿਸ਼ੀ ਖਿਲਾਫ ਚੋਣ ਲੜੀ ਸੀ, ਪਰ ਹਾਰ ਗਈ। ਅਲਕਾ ਲਾਂਬਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਰੇਖਾ ਗੁਪਤਾ ਨਾਲ ਦਿਖਾਈ ਦੇ ਰਹੀ ਹੈ। ਅਲਕਾ ਲਾਂਬਾ ਨੇ ਲਿਖਿਆਇਹ ਯਾਦਗਾਰੀ ਫੋਟੋ 1995 ਦੀ ਹੈ, ਜਦੋਂ ਮੈਂ ਅਤੇ ਰੇਖਾ ਗੁਪਤਾ ਨੇ ਇਕੱਠੇ ਸਹੁੰ ਚੁੱਕੀ ਸੀ। ਮੈਂ ਐੱਨ ਐੱਸ ਯੂ ਆਈ ਤੋਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦਾ ਅਹੁਦਾ ਜਿੱਤਿਆ ਅਤੇ ਰੇਖਾ ਨੇ ਏ ਬੀ ਵੀ ਪੀ ਵੱਲੋਂ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ। ਰੇਖਾ ਗੁਪਤਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਦਿੱਲੀ ਨੂੰ ਚੌਥੀ ਮਹਿਲਾ ਮੁੱਖ ਮੰਤਰੀ ਮਿਲਣ ਦੀਆਂ ਵਧਾਈਆਂ। ਅਸੀਂ ਦਿੱਲੀ ਵਾਲੇ ਉਮੀਦ ਕਰਦੇ ਹਾਂ ਕਿ ਯਮੁਨਾ ਸਾਫ਼ ਹੋਵੇਗੀ ਅਤੇ ਧੀਆਂ ਸੁਰੱਖਿਅਤ ਰਹਿਣਗੀਆਂ।