ਨਵੀਂ ਦਿੱਲੀ : ਭਾਜਪਾ ਦੀ ਪਹਿਲੀ ਵਾਰ ਵਿਧਾਇਕ ਬਣੀ ਬੀਬੀ ਰੇਖਾ ਗੁਪਤਾ ਨੇ ਵੀਰਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾ ਤੋਂ ਬਾਅਦ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਰਵਿੰਦਰ ਇੰਦਰਰਾਜ ਸਿੰਘ ਅਤੇ ਪੰਕਜ ਸਿੰਘ ਨੂੰ ਵੀ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਮੰਤਰੀਆਂ ਵਜੋਂ ਸਹੁੰ ਚੁਕਾਈ। ਇਤਿਹਾਸਕ ਰਾਮਲੀਲ੍ਹਾ ਮੈਦਾਨ ਵਿੱਚ ਹੋਏ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂਆਂ ਅਤੇ ਐੱਨ ਡੀ ਏ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ। ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ। ਸ਼ਾਲੀਮਾਰ ਬਾਗ ਤੋਂ ਚੁਣੀ ਗਈ 50 ਸਾਲਾ ਵਿਧਾਇਕ ਮੁੱਖ ਮੰਤਰੀਆਂ ਦੀ ਐੱਨ ਡੀ ਏ ਟੀਮ ਵਿੱਚ ਇਕਲੌਤੀ ਮਹਿਲਾ ਵੀ ਹੈ। ਉਂਜ ਉਹ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਹੈ ਅਤੇ ਭਾਜਪਾ ਵੱਲੋਂ ਦਿੱਲੀ ਦੀ ਚੌਥੀ ਮੁੱਖ ਮੰਤਰੀ ਬਣੀ ਹੈ। ਰੇਖਾ ਗੁਪਤਾ ਤੋਂ ਪਹਿਲਾਂ ਸੁਸ਼ਮਾ ਸਵਰਾਜ (ਭਾਜਪਾ), ਸ਼ੀਲਾ ਦੀਕਸ਼ਿਤ (ਕਾਂਗਰਸ) ਅਤੇ ਆਤਿਸ਼ੀ (ਆਪ) ਮੁੱਖ ਮੰਤਰੀ ਬਣੀਆਂ ਸਨ।
ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ, ਗੋਆ ਦੇ ਪ੍ਰਮੋਦ ਸਾਵੰਤ, ਹਰਿਆਣਾ ਦੇ ਨਾਇਬ ਸਿੰਘ ਸੈਣੀ ਤੇ ਮੇਘਾਲਿਆ ਦੇ ਕੋਨਰਾਡ ਸੰਗਮਾ, ਯੂ ਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਬ੍ਰਜੇਸ਼ ਪਾਠਕ ਅਤੇ ਆਂਧਰਾ ਪ੍ਰਦੇਸ਼ ਦੇ ਪਵਨ ਕਲਿਆਣ ਵੀ ਮੌਜੂਦ ਸਨ।
ਰੇਖਾ ਗੁਪਤਾ ਨੇ ਹਿੰਦੀ ’ਚ ਸਹੁੰ ਚੁੱਕੀ। ਮਨਜਿੰਦਰ ਸਿਰਸਾ ਤੋਂ ਬਿਨਾਂ ਬਾਕੀ ਮੰਤਰੀਆਂ ਨੇ ਵੀ ਹਿੰਦੀ ਵਿਚ ਸਹੁੰ, ਜਦੋਂਕਿ ਸਿਰਸਾ ਨੇ ਪੰਜਾਬੀ ਵਿਚ ਸਹੁੰ ਚੁੱਕੀ। ਇਸ ਦੌਰਾਨ ਮੰਤਰੀਆਂ ਨੇ ਭਾਰਤ ਮਾਤਾ ਕੀ ਜੈ ਅਤੇ ਜੈ ਸ੍ਰੀਰਾਮ ਆਦਿ ਨਾਅਰੇ ਲਾਏ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ ਡੀ ਆਰ) ਮੁਤਾਬਕ ਮੰਤਰੀ ਮੰਡਲ ’ਚ ਮੁੱਖ ਮੰਤਰੀ ਸਣੇ ਪੰਜ ਵਿਰੁੱਧ ਅਪਰਾਧਕ ਮਾਮਲੇ ਚੱਲ ਰਹੇ ਹਨ। ਇਨ੍ਹਾਂ ਮੰਤਰੀਆਂ ਨੇ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਲਈ ਜਮ੍ਹਾਂ ਕੀਤੇ ਗਏ ਹਲਫਨਾਮਿਆਂ ਵਿੱਚ ਇਹ ਗੱਲ ਮੰਨੀ ਹੈ। ਇਹ ਮੰਤਰੀ ਕੁੱਲ ਵਜ਼ਾਰਤ ਦਾ 71 ਫੀਸਦੀ ਬਣਦੇ ਹਨ। ਦੋ ਮੰਤਰੀ (29 ਫੀਸਦੀ) ਅਰਬਪਤੀ ਹਨ। ਆਸ਼ੀਸ਼ ਸੂਦ ਸੰਗੀਨ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਵੱਧ ਘੋਸ਼ਿਤ ਕੁੱਲ ਜਾਇਦਾਦ ਵਾਲੇ ਮੰਤਰੀ ਰਾਜੌਰੀ ਗਾਰਡਨ ਹਲਕੇ ਤੋਂ ਮਨਜਿੰਦਰ ਸਿੰਘ ਸਿਰਸਾ ਹਨ, ਜਿਨ੍ਹਾ ਦੀ ਜਾਇਦਾਦ 248.85 ਕਰੋੜ ਰੁਪਏ ਹੈ।
ਛੇ ਮੰਤਰੀਆਂ (86 ਫੀਸਦੀ) ਨੇ ਗ੍ਰੈਜੂਏਟ ਪੱਧਰ ਜਾਂ ਇਸ ਤੋਂ ਵੱਧ ਦੀ ਵਿਦਿਅਕ ਯੋਗਤਾ ਐਲਾਨੀ ਹੈ, ਜਦੋਂ ਕਿ ਇੱਕ ਮੰਤਰੀ ਨੇ ਸਿਰਫ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਮਰ ਦੇ ਮਾਮਲੇ ਵਿੱਚ ਪੰਜ ਮੰਤਰੀ (71 ਫ਼ੀਸਦੀ) 41 ਤੋਂ 50 ਸਾਲ ਦੇ ਵਿਚਕਾਰ ਹਨ, ਜਦੋਂ ਕਿ ਬਾਕੀ ਦੋ (29 ਫੀਸਦੀ) 51 ਤੋਂ 60 ਸਾਲ ਦੇ ਵਿਚਕਾਰ ਹਨ।
ਮੁੱਖ ਮੰਤਰੀ ਨੇ ਮੰਤਰੀਆਂ ਨੂੰ ਵਿਭਾਗ ਵੰਡ ਦਿੱਤੇ ਹਨ। ਗ੍ਰਹਿ ਤੇ ਵਿੱਤ ਮੰਤਰਾਲੇ ਆਪਣੇ ਕੋਲ ਰੱਖੇ ਹਨ, ਜਦਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਤੇ ਮੁੱਖ ਮੰਤਰੀ ਦੇ ਅਹੁਦੇ ਦੇ ਪ੍ਰਬਲ ਦਾਅਵੇਦਾਰ ਪਰਵੇਸ਼ ਵਰਮਾ ਨੂੰ ਉਪ ਮੁੱਖ ਮੰਤਰੀ ਬਣਾਉਂਦਿਆਂ ਸਿੱਖਿਆ, ਟਰਾਂਸਪੋਰਟ ਤੇ ਪੀ ਡਬਲਿਊ ਡੀ ਮੰਤਰਾਲੇ ਦਿੱਤੇ ਹਨ। ਸਿਰਸਾ ਨੂੰ ਸਿਹਤ, ਸ਼ਹਿਰੀ ਵਿਕਾਸ ਤੇ ਸਨਅਤ, ਰਵਿੰਦਰ ਕੁਮਾਰ ਇੰਦਰਰਾਜ ਨੂੰ ਸਮਾਜ ਭਲਾਈ, ਐੱਸ ਸੀ/ਐੱਸ ਟੀ ਤੇ ਕਿਰਤ, ਕਪਿਲ ਮਿਸ਼ਰਾ ਨੂੰ ਪਾਣੀ, ਸੈਰ-ਸਪਾਟਾ ਤੇ ਸੱਭਿਆਚਾਰ, ਪੰਕਜ ਕੁਮਾਰ ਸਿੰਘ ਨੂੰ ਕਾਨੂੰਨ, ਸੰਸਦੀ ਮਾਮਲੇ ਤੇ ਹਾਊਸਿੰਗ ਅਤੇ ਆਸ਼ੀਸ਼ ਸੂਦ ਨੂੰ ਮਾਲ, ਪਰਿਆਵਰਣ, ਫੂਡ ਐਂਡ ਸਪਲਾਈ ਮੰਤਰਾਲੇ ਸੌਂਪੇ ਗਏ ਹਨ। ਰੋਹਿਣੀ ਤੋਂ ਚੌਥੀ ਵਾਰ ਜਿੱਤੇ ਵਿਜੇਂਦਰ ਗੁਪਤਾ ਨੂੰ ਸਪੀਕਰ ਤੇ ਮੁਸਤਫਾਬਾਦ ਤੋਂ ਜਿੱਤੇ ਮੋਹਨ ਸਿੰਘ ਬਿਸ਼ਟ ਨੂੰ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਉਨ੍ਹਾ ਦੀ ਸਰਕਾਰ ਦਿੱਲੀ ਦੀਆਂ ਮਹਿਲਾਵਾਂ ਨੂੰ ਮਾਸਿਕ 2500 ਰੁਪਏ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗੀ ਤੇ 8 ਮਾਰਚ ਨੂੰ ਕੌਮੀ ਮਹਿਲਾ ਦਿਵਸ ਤੋਂ ਉਨ੍ਹਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ। ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਪਤਾ ਨੇ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾਉਨ੍ਹਾਂ ਨੂੰ ਲੋਕਾਂ ਨੂੰ ਪਾਈ-ਪਾਈ ਦਾ ਹਿਸਾਬ ਦੇਣਾ ਹੋਵੇਗਾ।


