ਨਵੀਂ ਦਿੱਲੀ : ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਖੁੱਲ੍ਹੇ ਪੱਤਰ ਵਿਚ ਕਿਹਾ ਹੈ ਕਿ ਭਾਰਤ ਨੂੰ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਹਿਮਾਲਿਆ ਵਿੱਚ ਗਲੇਸ਼ੀਅਰਾਂ ਦੇ ਪਿਘਲਣ ਦੀ ਗੰਭੀਰ ਸਥਿਤੀ ਵੱਲ ਧਿਆਨ ਦਿਵਾਉਦਿਆਂ ਵਾਂਗਚੁੱਕ ਨੇ ਮੰਗਲਵਾਰ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੇ ਦਰਿਆਵਾਂ ਦਾ ਪੇਟ ਭਰਨ ਵਾਲੇ ਗਲੇਸ਼ੀਅਰਾਂ ਨੂੰ ਬਹਾਲ ਕਰਨ ਲਈ ਕਦਮ ਨਾ ਚੁੱਕੇ ਗਏ ਤਾਂ 144 ਸਾਲ ਬਾਅਦ ਅਗਲਾ ਮਹਾਕੁੰਭ ਰੇਤ ’ਤੇ ਨਾ ਕਰਾਉਣਾ ਪੈ ਜਾਵੇ, ਕਿਉਕਿ ਦਰਿਆ ਤਾਂ ਸੁੱਕ ਜਾਣਗੇ।
ਹਿਮਾਲਿਆਈ ਗਲੇਸ਼ੀਅਰਾਂ ਨੂੰ ਬਚਾਉਣ ਲਈ ਜ਼ਿੰਦਗੀ ਲਾਉਣ ਵਾਲੇ ਵਾਂਗਚੁੱਕ ਨੇ ਲੱਦਾਖ ਤੋਂ ਦਿੱਲੀ ਤੇ ਫਿਰ ਅਮਰੀਕਾ ਤਕ ਖਰਦੁੰਗ ਦੱਰੇ ਵਿਚਲੇ ਇੱਕ ਗਲੇਸ਼ੀਅਰ ਦੇ ਬਰਫ ਦੇ ਟੁਕੜੇ ਨਾਲ ਯਾਤਰਾ ਕੀਤੀ। ਬਰਫ ਦੇ ਟੁਕੜੇ ਨੂੰ ਪਸ਼ਮੀਨੇ ਵਿੱਚ ਲਪੇਟ ਕੇ ਲੈ ਕੇ ਗਏ। ਪਹਿਲਾਂ ਉਹ ਦਿੱਲੀ ਵਿੱਚ ਸੰਯੁਕਤ ਰਾਸ਼ਟਰ ਦੇ ਦਫਤਰ ਗਏ, ਫਿਰ ਅਮਰੀਕਾ ਲਈ ਰਵਾਨਾ ਹੋਏ, ਜਿੱਥੇ ਹੋਰਨਾਂ ਜਲਵਾਯੂ ਕਾਰਕੁੰਨਾਂ ਨਾਲ ਬੋਸਟਨ ਵਿਚਲੇ ਹਾਰਵਰਡ ਕੈਨੇਡੀ ਸਕੂਲ ਤੇ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਗਏ। ਫਿਰ ਉਨ੍ਹਾ ਬਰਫ ਦੇ ਟੁਕੜੇ ਨੂੰ 21 ਫਰਵਰੀ ਨੂੰ ਨਿਊ ਯਾਰਕ ਵਿੱਚ ਹਡਸਨ ਦਰਿਆ ਤੇ ਈਸਟ ਦਰਿਆ ਦੇ ਸੰਗਮ ਵਿੱਚ ਵਿਸਰਜਤ ਕੀਤਾ। ਸੰਯੁਕਤ ਰਾਸ਼ਟਰ ਨੇ 21 ਮਾਰਚ ਨੂੰ ਗਲੇਸ਼ੀਅਰਾਂ ਦੀ ਰਾਖੀ ਦਾ ਵਿਸ਼ਵ ਦਿਵਸ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਅਮਰੀਕਾ ਤੋਂ ਪਰਤ ਕੇ ਵਾਂਗਚੁੱਕ ਨੇ ਦੱਸਿਆ ਕਿ ਲੇਹ ਜ਼ਿਲ੍ਹੇ ਵਿੱਚ ਦੁਨੀਆ ਦੇ ਸਭ ਤੋਂ ਉੱਚੇ (5359 ਮੀਟਰ) ਖਰਦੁੰਗ ਲਾ ਦੇ ਗਲੇਸ਼ੀਅਰ ਤੋਂ ਬਰਫ ਦਾ ਟੁਕੜਾ ਲੈਣ ਲਈ ਉਨ੍ਹਾ ਨੂੰ ਕੁਝ ਕਿੱਲੋਮੀਟਰ ਪੈਦਲ ਵੀ ਚਲਣਾ ਪਿਆ। ਉਨ੍ਹਾ ਕਿਹਾ ਕਿ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਹਨ ਪਰ ਗਲੇਸ਼ੀਅਰਾਂ ਨੂੰ ਬਚਾਉਣ ਲਈ ਕੀਤਾ ਕੁਝ ਨਹੀਂ ਜਾ ਰਿਹਾ। ਗਲੇਸ਼ੀਅਰ ਪਿਘਲਦੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਵਾਂਗਚੁੱਕ ਨੇ ਕਿਹਾ ਕਿ ਭਾਰਤ ਨੂੰ ਗਲੇਸ਼ੀਅਰ ਬਚਾਉਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਹਿਮਾਲਿਆ ਆਰਕਟਿਕ ਤੇ ਐਂਟਾਰਟਿਕਾ ਤੋਂ ਬਾਅਦ ਧਰਤੀ ’ਤੇ ਬਰਫ ਦਾ ਤੀਜਾ ਸਭ ਤੋਂ ਵੱਡਾ ਭੰਡਾਰ ਹੈ। ਗੰਗਾ ਤੇ ਯਮੁਨਾ ਵਰਗੇ ਪਵਿੱਤਰ ਦਰਿਆ ਇਸ ਵਿੱਚੋਂ ਹੀ ਨਿਕਲਦੇ ਹਨ। ਵਾਂਗਚੁੱਕ ਨੇ ਕਿਹਾ ਕਿ ‘ਮਿਸ਼ਨ ਲਾਈਫ’ ਵਰਗੀ ਪਹਿਲਕਦਮੀ ਲਈ ਉਹ ਪ੍ਰਧਾਨ ਮੰਤਰੀ ਦੇ ਪ੍ਰਸੰਸਕ ਹਨ ਅਤੇ ਉਨ੍ਹਾ ਨੂੰ ਹਿਮਾਲਿਆਈ ਗਲੇਸ਼ੀਅਰਾਂ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਵੀ ਕਮਿਸ਼ਨ ਬਣਾਉਣਾ ਚਾਹੀਦਾ ਹੈ। ਗੰਗੋਤਰੀ ਤੇ ਯਮੁਨੋਤਰੀ ਗਲੇਸ਼ੀਅਰਾਂ ਨੂੰ ਕੌਮੀ ਖਜ਼ਾਨਾ ਐਲਾਨ ਕੇ ਹਿਮਾਲਿਆਈ ਗਲੇਸ਼ੀਅਰਾਂ ਦੀ ਰਾਖੀ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਜਾਣ। ਉਨ੍ਹਾ ਕਿਹਾਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸਦੇ ਨਾਲ ਹੀ ਜੰਗਲ ਵੀ ਲਗਾਤਾਰ ਘੱਟ ਰਹੇ ਹਨ। ਹਾਲਾਤ ਇਹੀ ਰਹੇ ਤਾਂ ਕੁਝ ਸਾਲਾਂ ਵਿੱਚ ਗੰਗਾ, ਬ੍ਰਹਮਪੁੱਤਰ ਤੇ ਸਿੰਧੂ ਦਰਿਆ ਮੌਸਮੀ ਦਰਿਆ ਬਣ ਜਾਣਗੇ। ਇਸਦਾ ਮਤਲਬ ਅਗਲਾ ਮਹਾਕੁੰਭ ਪਵਿੱਤਰ ਦਰਿਆ ਦੀ ਬਚੀ ਰੇਤ ’ਤੇ ਹੀ ਹੋਵੇਗਾ।
ਵਾਂਗਚੁੱਕ ਨੇ ਅਫਸੋਸ ਪ੍ਰਗਟਾਇਆ ਕਿ ਗਲੇਸ਼ੀਅਰਾਂ ਦੇ ਪਿਘਲਣ ਨਾਲ ਹੋਣ ਵਾਲੀ ਤਬਾਹੀ ਬਾਰੇ ਆਮ ਲੋਕਾਂ ਵਿੱਚ ਬਹੁਤ ਘੱਟ ਜਾਗਰੂਕਤਾ ਹੈ।


