ਲੁਧਿਆਣਾ : ਨੋਇਡਾ ਅਤੇ ਮਾਨੇਸਰ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਟਰੇਡ ਯੂਨੀਅਨ ਆਗੂਆਂ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਪੁਲਸ ਰੂਰਲ ਜਸਕਿਰਨਜੀਤ ਸਿੰਘ ਤੇਜਾ ਅਤੇ ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਾਂ ਵੱਲੋਂ ਇੰਟਕ, ਏਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਐਕਟੂ ਦੇ ਲੀਡਰਾਂ ਨੇ ਹਿੱਸਾ ਲਿਆ। ਇਸ ਮੌਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਂਅ ਦਿੱਤਾ ਗਿਆ ਅਤੇ ਡੀ ਸੀ ਪੀ ਰੂਰਲ ਨੇ ਭਰੋਸਾ ਦਿਵਾਇਆ ਕਿ ਉਹ ਪ੍ਰਸ਼ਾਸਨ, ਮਜ਼ਦੂਰਾਂ ਅਤੇ ਮਾਲਕਾਂ ਦੀ ਇਕ ਤਿੰਨ ਧਿਰੀ ਮੀਟਿੰਗ ਛੇਤੀ ਹੀ ਕਰਵਾਉਣਗੇ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਘੱਟੋ-ਘੱਟ ਉਜਰਤ ਪਿਛਲੇ 14 ਸਾਲ ਤੋਂ ਨਹੀਂ ਵਧਾਈ ਗਈ। ਲਗਾਤਾਰ ਵਧ ਰਹੀ ਮਹਿੰਗਾਈ ਦੇ ਬਾਵਜੂਦ ਮਜ਼ਦੂਰਾਂ ਦਾ ਮਹਿੰਗਾਈ ਭੱਤਾ ਨਹੀਂ ਵਧਾਇਆ ਜਾ ਰਿਹਾ। ਅੱਠ ਘੰਟੇ ਦੀ ਥਾਂ 10 ਜਾਂ 12 ਘੰਟੇ ਕੰਮ ਲਿਆ ਜਾ ਰਿਹਾ ਹੈ, ਪਰ ਵੇਤਨ 8 ਘੰਟੇ ਦਾ ਦਿੱਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਘੱਟੋ-ਘੱਟ 26000 ਰੁਪਏ ਪ੍ਰਤੀ ਮਹੀਨਾ ਵੇਤਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣੇ ਚਾਹੀਦੇ ਹਨ।ਲੁਧਿਆਣਾ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰ ਰਹੇ ਸਾਰੇ ਮਜ਼ਦੂਰਾਂ ਦਾ ਈ ਐੱਸ ਆਈ ਅਤੇ ਪ੍ਰੋਵੀਡੈਂਟ ਫੰਡ ਕੱਟਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਕਾਰਡ ਬਣਾਏ ਜਾਣੇ ਚਾਹੀਦੇ ਹਨ। ਠੇਕੇਦਾਰੀ ਪ੍ਰਬੰਧ ਖਤਮ ਕਰਕੇ ਮਜ਼ਦੂਰਾਂ ਨੂੰ ਨਿਯਮਤ ਰੁਜ਼ਗਾਰ ਦਿੱਤਾ ਜਾਵੇ।
ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਗੁਰਜੀਤ ਸਿੰਘ ਜਗਪਾਲ, ਐੱਮ ਐੱਸ ਭਾਟੀਆ, ਰਾਮ ਲਾਲ, ਜਗਦੀਸ਼ ਚੰਦ, ਜੈ ਪ੍ਰਕਾਸ਼ ਨਰਾਇਣ, ਵਿਜੇ ਕੁਮਾਰ, ਡੀ ਪੀ ਮੌੜ , ਅਜੀਤ ਕੁਮਾਰ ਅਤੇ ਟਾਈਗਰ ਸਿੰਘ ਸ਼ਾਮਲ ਸਨ।




