ਘੱਟੋ-ਘੱਟ ਉਜਰਤ 26 ਹਜ਼ਾਰ ਕਰਵਾਉਣ ਲਈ ਏਟਕ ਵੱਲੋਂ 19 ਨੂੰ ਮੋਹਾਲੀ ‘ਚ ਰੈਲੀ : ਬਰਾੜ, ਧਾਲੀਵਾਲ

0
7

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਏਟਕ ਵੱਲੋਂ 19 ਮਈ ਨੂੰ ਮੁਹਾਲੀ ਵਿਖੇ ਕਿਰਤ ਕਮਿਸ਼ਨਰ ਦੇ ਦਫਤਰ ਕਿਰਤ ਭਵਨ ਦੇ ਸਾਹਮਣੇ ਘੱਟੋ—ਘੱਟ ਉਜਰਤ 26000/— ਰੁਪਏ ਪ੍ਰਤੀ ਮਹੀਨਾ ਕਰਨ, 29 ਕਿਰਤ ਕਾਨੂੰਨ ਖਤਮ ਕਰਕੇ ਬਣਾਏ ਗਏ 4 ਲੇਬਰ ਕੋਡਜ਼ ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਅਤੇ ਉਸਾਰੀ ਕਿਰਤੀਆਂ ਦੀ ਖੱਜਲ-ਖੁਆਰੀ ਅਤੇ ਭ੍ਰਿਸ਼ਟਾਚਾਰੀ ਤੌਰ-ਤਰੀਕੇ ਖਤਮ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਸ਼ਾਲ ਮਜ਼ਦੂਰ ਰੋਸ ਰੈਲੀ ਕੀਤੀ ਜਾਵੇਗੀ। ਇਹ ਰੈਲੀ ਪੰਜਾਬ ਸਰਕਾਰ ਵਿਰੁੱਧ ਪਿਛਲੇ 12 ਸਾਲਾਂ ਤੋਂ ਘੱਟੋ—ਘੱਟ ਉਜਰਤਾਂ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਜ਼ਬਰਦਸਤ ਗੁੱਸੇ ਦਾ ਲਾਮਿਸਾਲ ਪ੍ਰਗਟਾਵਾ ਹੋਵੇਗੀ ਅਤੇ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ 4 ਲੇਬਰ ਕੋਡਜ਼ ਕਾਰਪੋਰੇਟ ਘਰਾਣਿਆਂ ਵੱਲੋਂ ਮਜ਼ਦੂਰਾਂ ਦਾ ਆਰਥਕ ਸ਼ੋਸ਼ਣ ਕਰਨ ਦੇ ਮਨਸੂਬਿਆਂ ਨੂੰ ਲਾਗੂ ਨਾ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹਨ ਲਈ ਮਜਬੂਰ ਕਰੇਗੀ।
ਬਰਾੜ ਤੇ ਧਾਲੀਵਾਲ ਨੇ ਪੰਜਾਬ ਦੀ ਇਸ ਮੁਲਾਜ਼ਮ-ਮਜ਼ਦੂਰ ਵਿਰੋਧੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਮੁਲਾਜ਼ਮਾਂ-ਮਜ਼ਦੂਰਾਂ, ਆਮ ਲੋਕਾਂ ਅਤੇ ਗਰੀਬ ਲੋਕਾਂ ਦੀਆਂ ਮੁਸੀਬਤਾਂ ਨੂੰ ਹੰਕਾਰੀ ਤਰੀਕੇ ਨਾਲ ਨਜ਼ਰਅੰਦਾਜ ਕਰਦੀ ਆ ਰਹੀ ਹੈ, ਕਿਉਂਕਿ ਸਰਕਾਰ ਜਿੱਥੇ ਉਜਰਤਾਂ ਵਿੱਚ 12 ਸਾਲਾਂ ਤੋਂ ਵਾਧਾ ਨਹੀਂ ਕਰ ਰਹੀ, ਉੱਥੇ ਇਹ ਮੁਲਾਜ਼ਮਾਂ ਨੂੰ 18 ਫੀਸਦੀ ਡੀ ਏ ਘੱਟ ਦੇ ਰਹੀ ਹੈ, ਪੇ ਕਮਿਸ਼ਨ ਅਤੇ ਡੀ ਏ ਦੇ ਬਕਾਏ ਨਹੀਂ ਦੇ ਰਹੀ, ਕੰਟਰੈਕਟ / ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕਰ ਰਹੀ, ਸਰਕਾਰੀ ਟਰਾਂਸਪੋਰਟ ਅਦਾਰੇ ਵਿੱਚ ਕੋਈ ਨਵੀਆਂ ਬੱਸਾਂ ਨਹੀਂ ਪਾ ਰਹੀ, ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਆਰਥਕ ਤੌਰ ‘ਤੇ ਕਮਜ਼ੋਰ ਕਰ ਰਹੀ ਹੈ ਅਤੇ ਨਿਗੁਣੇ ਮਾਣ ਭੱਤਿਆਂ ‘ਤੇ ਕੰਮ ਕਰਦੀਆਂ ਸਕੀਮ ਵਰਕਰਾਂ ਦੇ ਮਸਲੇ ਹੱਲ ਨਹੀ ਕਰ ਰਹੀ ਤਾਂ ਫਿਰ ਅਜਿਹੀ ਸਰਕਾਰ ਨੂੰ ਆਮ ਆਦਮੀ ਦੀ ਸਰਕਾਰ ਕਿਵੇਂ ਕਿਹਾ ਜਾ ਸਕਦਾ ਹੈ, ਜਿਹੜੀ ਸਰਕਾਰ ਸਨਅਤਾਂ ਦੀਆਂ ਮਸ਼ੀਨਾਂ ਚਲਾਉਣ ਵਾਲੇ, ਲੋਹਾ ਢਾਲਣ ਦੀਆਂ ਭੱਠੀਆਂ ਦੇ ਸਾਹਮਣੇ ਖੜ੍ਹ ਕੇ ਸਰੀਰ ਸਾੜ ਕੇ ਕੰਮ ਕਰਦੇ ਕਾਮੇ, ਤਰ੍ਹਾਂ-ਤਰ੍ਹਾਂ ਦੇ ਜੋਖਮ ਵਾਲੇ ਕੰਮ, ਸੀਵਰੇਜ ਅਤੇ ਕੂੜਾ-ਕਰਕਟ ਚੁੱਕਣ ਦਾ ਕੰਮ ਕਰਨ ਵਾਲੇ, ਮੁਕਦੀ ਗੱਲ ਕਿ ਸਰਕਾਰ ਦੇ ਫਰਜ਼ ਪੂਰਤੀ ਅਤੇ ਲੋੜੀਂਦੇ ਸਾਰੇ ਕੰਮਕਾਰ ਚਲਾਉਣ ਵਾਲੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਸਰਕਾਰ ਨਿਸ਼ਾਨਾ ਬਣਾ ਕੇ ਆਰਥਕ ਜ਼ੁਲਮ ਕਰ ਰਹੀ ਹੋਵੇ ਤਾਂ ਅਜਿਹੇ ਵਿੱਚ ਮਾਨ ਸਰਕਾਰ ਦੀਆਂ ਫੋਕੀਆਂ ਫੜ੍ਹਾਂ, ਝੂਠ ‘ਤੇ ਝੂਠ, ਗੁੰਮਰਾਹਕੁੰਨ ਅਖਬਾਰੀ ਪ੍ਰਚਾਰ ਅਤੇ ਸਰਕਾਰੀ ਤਾਕਤ ਦੀ ਧੌਂਸ ਨਾਲ ਅਜਿਹੀ ਸਰਕਾਰ ਦੀ ਕਿਰਤੀਆਂ ਦੇ ਮਨਾਂ ਵਿੱਚ ਇੱਜ਼ਤ ਤੇ ਥਾਂ ਨਹੀਂ ਬਣ ਸਕਦੀ।
ਏਟਕ ਵੱਲੋਂ ਜਿੱਥੇ ਪਹਿਲਾਂ ਮਾਨੇਸਰ ਅਤੇ ਨੋਇਡਾ ਵਿੱਚ ਹੜਤਾਲੀ ਮਜ਼ਦੂਰਾਂ ਉਪਰ ਕੀਤੀਆਂ ਜ਼ਿਆਦਤੀਆਂ ਦੇ ਵਿਰੋਧ ਵਿੱਚ ਪੰਜਾਬ ਅਤੇ ਦੇਸ਼ ਭਰ ਵਿੱਚ 21 ਅਪ੍ਰੈਲ ਨੂੰ ਰੈਲੀਆਂ—ਮੁਜ਼ਾਹਰੇ ਕਰਕੇ ਹਰਿਆਣਾ ਅਤੇ ਯੂ ਪੀ ਸਰਕਾਰ ਦੇ ਪੁਤਲੇ ਸਾੜੇ ਸਨ, ਉੱਥੇ ਹੀ ਹੁਣ ਏਟਕ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਦੇ ਕਸਬਾ ਪਾਇਲ ਦੇ ਨੇੜੇ ਪਿੰਡ ਕੋਟ ਸੇਖੋਂ ਵਿਖੇ ਗੰਗਾ ਐਕਰੋਵੂਲ ਦੇ ਸੰਘਰਸ਼ ਕਰ ਰਹੇ ਆਰਥਕ ਤੌਰ ‘ਤੇ ਸ਼ੋਸ਼ਿਤ ਮਜ਼ਦੂਰਾਂ ਦੇ ਵਾਜਬ ਸੰਘਰਸ਼ ਤੋਂ ਕੋਈ ਸਬਕ ਨਾ ਸਿੱਖਿਆ ਅਤੇ ਏਟਕ ਦੀ 19 ਮਈ ਦੀ ਰੈਲੀ ਤੋਂ ਪਹਿਲਾਂ ਮਜ਼ਦੂਰਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ 19 ਮਈ ਨੂੰ ਰੈਲੀ ਵਿਚੋਂ ਪੰਜਾਬ ਦੇ ਸਮੁੱਚੇ ਮਜ਼ਦੂਰਾਂ ਵਿੱਚ ਆਪਣੀਆਂ ਮੰਗਾਂ ਦੀ ਅਣਦੇਖੀ ਕਾਰਨ ਜੋ ਗੁੱਸਾ ਭਰਿਆ ਪਿਆ ਹੈ, ਤਾਂ ਉਸ ਦੀ ਤਰਜਮਾਨੀ ਕਰਦੇ ਹੋਏ ਸਮੁੱਚੇ ਪੰਜਾਬ ਵਿੱਚ ਵਿਆਪਕ ਮੁਹਿੰਮ ਛੇੜ ਕੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਸਖਤ ਸੰਘਰਸ਼ ਕੀਤਾ ਜਾਵੇਗਾ।
ਆਗੂਆਂ ਪੰਜਾਬ ਏਟਕ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਹੋਰ ਗੈਰ-ਜਥੇਬੰਦਕ ਮਜ਼ਦੂਰਾਂ ਨੂੰ ਲਾਮਬੰਦ ਕਰਕੇ 19 ਮਈ ਦੀ ਰੈਲੀ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ, ਤਾਂ ਕਿ ਸਰਕਾਰ ਨੂੰ ਮਜ਼ਦੂਰ ਮਸਲਿਆਂ ਪ੍ਰਤੀ ਹੋਸ਼ ਵਿੱਚ ਲਿਆਂਦਾ ਜਾ ਸਕੇ।