ਕੇਂਦਰ ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਬਰਬਾਦ ਕਰਨ ’ਤੇ ਤੁਲਿਆ : ਨੀਲ ਗਰਗ

0
132

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਹਰਿਆਣਾ-ਪੰਜਾਬ ਨੂੰ ਜੋੜਦੇ ਹਾਈਵੇ ਦੇ ਬੰਦ ਹੋਣ ਕਾਰਨ ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਹੋ ਰਹੇ ਨੁਕਸਾਨ ਦਾ ਮੁੱਦਾ ਚੁੱਕਿਆ। ਪਾਰਟੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾ ਸਿਰਫ਼ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਸਗੋਂ ਸੂਬੇ ਦੇ ਵਪਾਰ ਨੂੰ ਵੀ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਸੂਬਾਈ ਸਰਹੱਦ ਬੰਦ ਹੋਣ ਕਾਰਨ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਭਾਰੀ ਆਰਥਕ ਨੁਕਸਾਨ ਝੱਲਣਾ ਪੈ ਰਿਹਾ ਹੈ। ਗਰਗ ਨੇ ਕਿਹਾ ਕਿ ਉਨ੍ਹਾ ਦੇ ਕੁਝ ਨੁਮਾਇੰਦਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲ ਕੇ ਹਾਈਵੇ ਨੂੰ ਮੁੜ ਖੋਲ੍ਹਣ ਦੀ ਬੇਨਤੀ ਕੀਤੀ ਹੈ।
ਗਰਗ ਨੇ ਕਿਹਾ ਕਿ ਇਹ ਸਥਿਤੀ ਇਸ ਲਈ ਪੈਦਾ ਹੋਈ ਹੈ, ਕਿਉਂਕਿ ਪੰਜਾਬ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਲਗਾਤਾਰ ਸਰਹੱਦ ’ਤੇ ਬੈਠੇ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਬਿਲਕੁਲ ਨਹੀਂ ਸੁਣ ਰਹੀ। ਉਨ੍ਹਾ ਕਿਹਾ ਕਿਭਾਜਪਾ ਚਾਹੁੰਦੀ ਹੈ ਕਿ ਪੰਜਾਬੀ ਇਕ-ਦੂਜੇ ਦੇ ਖਿਲਾਫ ਹੋ ਜਾਣ, ਤਾਂ ਜੋ ਅੰਦੋਲਨ ਕਮਜ਼ੋਰ ਹੋ ਜਾਵੇ ਅਤੇ ਆਪਣੇ ਆਪ ਖਤਮ ਹੋ ਜਾਵੇ।ਗਰਗ ਨੇ ਸਮੂਹ ਕਿਸਾਨ ਯੂਨੀਅਨਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਮੂਹਕ ਤੌਰ ’ਤੇ ਇਸ ਮੁੱਦੇ ਦਾ ਹੱਲ ਲੱਭਣ ਅਤੇ ਅੰਦੋਲਨ ਦੀ ਯੋਜਨਾ ਇਸ ਤਰੀਕੇ ਨਾਲ ਬਣਾਉਣ ਕਿ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ। ਉਨ੍ਹਾ ਕਿਹਾ ਕਿ ਜੇ ਪੰਜਾਬ ਦੇ ਉਦਯੋਗ ਨੂੰ ਨੁਕਸਾਨ ਹੁੰਦਾ ਹੈ, ਤਾਂ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਸਰਕਾਰ ਦਾ ਮਾਲੀਆ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ, ਕਿਉਂਕਿ ਟੈਕਸ ਦੀ ਇੱਕ ਵੱਡੀ ਰਕਮ ਉਦਯੋਗਾਂ ਤੋਂ ਆਉਂਦੀ ਹੈ, ਜੋ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਫੰਡ ਦਿੰਦੀ ਹੈ। ਸਾਡੀ ਸਮਝ ਹੈ ਕਿ ਜੇਕਰ ਇੰਡਸਟਰੀ ਨਾ ਬਚੀ ਤਾਂ ਪੰਜਾਬ ਵੀ ਨਹੀਂ ਬਚੇਗਾ।
ਗਰਗ ਨੇ ਕਿਹਾ ਕਿ ਸਾਨੂੰ ਪੰਜਾਬ ਦੀ ਖੇਤੀ ਅਤੇ ਵਪਾਰ ਦੋਹਾਂ ਦੀ ਰੱਖਿਆ ਲਈ ਕੋਈ ਰਾਹ ਲੱਭਣਾ ਚਾਹੀਦਾ ਹੈ। ਉਨ੍ਹਾ ਹਰਿਆਣਾ ਸਰਕਾਰ ਨੂੰ ਹਾਈਵੇ ਤੋਂ ਬੈਰੀਕੇਡਿੰਗ ਹਟਾਉਣ ਅਤੇ ਉਦਯੋਗ ਅਤੇ ਵਪਾਰ ਨਾਲ ਸੰਬੰਧਤ ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦੀ ਅਪੀਲ ਵੀ ਕੀਤੀ।