ਅੰਮਿ੍ਰਤਸਰ : ਕਸਬਾ ਮਜੀਠਾ ਤੋਂ ਥੋੜ੍ਹੀ ਦੂਰ ਪਿੰਡ ਹਮਜ਼ਾ ਦੇ ਮੋੜ ’ਤੇ ਮੰਗਲਵਾਰ ਦੇਰ ਰਾਤ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਪਿੰਡ ਵਡਾਲਾ ਦਾ ਵਸਨੀਕ ਰਾਜਨ ਭੱਟੀ ਆਲਟੋ ਕਾਰ ਵਿੱਚ ਦੋ ਦੋਸਤਾਂ ਬਲਜਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤੇ ਨਿਸ਼ਾਨ ਸਿੰਘ ਵਾਸੀ ਭਾਲੋਵਾਲੀ ਨਾਲ ਅੰਮਿ੍ਰਤਸਰ ਤੋਂ ਆਪਣੇ ਪਿੰਡ ਵਡਾਲਾ ਜਾ ਰਿਹਾ ਸੀ। ਅਗਲੀਆਂ ਸੀਟਾਂ ’ਤੇ ਬੈਠੇ ਰਾਜਨ ਭੱਟੀ ਤੇ ਬਲਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਜਨ ਭੱਟੀ ਆਪਣੇ ਪਿੱਛੇ ਵਿਧਵਾ ਤੇ 2 ਸਾਲਾ ਬੱਚੀ ਛੱਡ ਗਿਆ ਹੈ। ਬਲਜਿੰਦਰ ਸਿੰਘ ਵੀ ਵਿਧਵਾ ਅਤੇ 12 ਤੇ 10 ਸਾਲ ਦੀਆਂ ਦੋ ਕੁੜੀਆਂ ਤੇ ਇੱਕ 7 ਸਾਲਾ ਮੁੰਡਾ ਛੱਡ ਗਿਆ ਹੈ।





